ਨਵੀਂ ਦਿੱਲੀ: ਹਿੰਦੂ ਰੱਖਿਆ ਦਲ ਨੇ ਐਤਵਾਰ ਨੂੰ ਜੇਐਨਯੂ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਰਟੀ ਦੇ ਕੌਮੀ ਪ੍ਰਧਾਨ ਪਿੰਕੀ ਚੌਧਰੀ ਨੇ ਕਿਹਾ ਕਿ ਵਿਦਿਆਰਥੀਆਂ ਨਾਲ ਕੁੱਟਮਾਰ ਕਰਨ ਵਾਲੇ ਉਨ੍ਹਾਂ ਦੇ ਵਰਕਰ ਸਨ। ਉਨ੍ਹਾਂ ਅੱਗੇ ਕਿਹਾ ਕਿ ਉਹ ਲੋਕ ਖਾਂਦੇ ਉਨ੍ਹਾਂ ਦੇ ਦੇਸ਼ ਦਾ ਹੈ ਤੇ ਗਾਉਂਦੇ ਬਾਹਰ ਦਾ ਹੈ। ਪਿੰਕੀ ਚੌਧਰੀ ਨੇ ਕਿਹਾ ਕਿ ਅਜਿਹੇ ਵਿਦਿਆਰਥੀਆਂ ਅਤੇ ਲੋਕਾਂ ਵਿਰੁੱਧ ਇਸ ਤਰ੍ਹਾਂ ਦੀ ਕਾਰਵਾਈ ਉਹ ਅੱਗੇ ਵੀ ਕਰਦੇ ਰਹਿਣਗੇ।
ਜੇਐੱਨਯੂ ਹਮਲੇ ਅਤੇ ਤੋੜ-ਫੋੜ ਮਾਮਲੇ ਵਿੱਚ ਦਿੱਲੀ ਪੁਲਿਸ ਆਪਣੇ ਪੱਧਰ ‘ਤੇ ਜਾਂਚ ਕਰ ਰਹੀ ਹੈ। ਕੁੱਟਮਾਰ ਕਰਨ ਵਾਲੇ ਸਾਰੇ ਨਕਾਬਪੋਸ਼ਾਂ ਦੀਆਂ ਤਸਵੀਰਾਂ ਦੇ ਜਰੀਏ ਉਨ੍ਹਾਂ ਦੀ ਪਛਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੌਰਾਨ ਹਿੰਦੂ ਰੱਖਿਆ ਦਲ ਨੇ ਸਾਰੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਸਭ ਉਨ੍ਹਾਂ ਵੱਲੋਂ ਕੀਤਾ ਗਿਆ ਸੀ।
ਹਿੰਦੂ ਰੱਖਿਆ ਦਲ ਦੇ ਕੌਮੀ ਪ੍ਰਧਾਨ ਭੁਪਿੰਦਰ ਉਰਫ ਪਿੰਕੀ ਚੌਧਰੀ ਨੇ ਕਿਹਾ ਕਿ ਜੇਐੱਨਯੂ ਵਿੱਚ ਪੜ੍ਹਦੇ ਬਹੁਤ ਸਾਰੇ ਲੋਕ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਪਿਛਲੇ ਦਿਨਾਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ, ਜਿਸ ਕਾਰਨ ਹਿੰਦੂ ਰੱਖਿਆ ਦਲ ਦੇ ਵਰਕਰਾਂ ਨੂੰ ਇਹ ਕਦਮ ਚੁੱਕਣਾ ਪਿਆ। ਉਹ ਅੱਗੇ ਵੀ ਅਜਿਹੀ ਕਾਰਵਾਈ ਕਰਦਾ ਰਹੇਗਾ।