ਚਮੋਲੀ: ਹੇਮਕੁੰਡ ਸਾਹਿਬ ਦੇ ਕਪਾਟ ਅੱਜ ਸਵੇਰੇ 10 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। 15,225 ਫੁੱਟ 'ਤੇ ਸਥਿਤ ਹੇਮਕੁੰਡ ਸਾਹਿਬ ਦੇ ਕਪਾਟ ਕੋਰੋਨਾ ਮਹਾਂਮਾਰੀ ਕਾਰਨ ਨਿਰਧਾਰਤ ਮਿਤੀ ਤੋਂ ਦੇਰੀ ਨਾਲ ਖੁਲ੍ਹੇ ਹਨ। ਗੁਰਦੁਆਰਾ ਪ੍ਰਬੰਧਕ ਮੈਨੇਜਰ ਸੇਵਾ ਸਿੰਘ ਮੁਤਾਬਕ ਇਸ ਸਾਲ ਹੇਮਕੁੰਡ ਸਾਹਿਬ ਦੇ ਕਪਾਟ ਲਗਭਗ 1 ਮਹੀਨੇ 10 ਦਿਨਾਂ ਲਈ ਖੁੱਲ੍ਹੇ ਰਹਿਣਗੇ।
ਅੱਜ ਸਵੇਰੇ 5 ਵਜੇ ਘਾਂਘਰੀਆ ਗੁਰਦੁਆਰਾ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸਿੱਖ ਸ਼ਰਧਾਲੂਆਂ ਦਾ ਪਹਿਲਾਂ ਜੱਥਾ ਰਵਾਨਾ ਹੋਇਆ। ਲਗਭਗ 8 ਵਜੇ ਹੇਮਕੁੰਡ ਸਾਹਿਬ ਪਹੁੰਚਣ ਤੋਂ ਬਾਅਦ 9 ਵਜੇ ਪੰਜ ਪਿਆਰਿਆਂ ਦੀ ਅਗਵਾਈ 'ਚ ਗਰਭਗ੍ਰਹਿ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਰਬਾਰ ਸਾਹਿਬ 'ਚ ਲਿਆਇਆ ਗਿਆ। ਇਸ ਤੋਂ ਬਾਅਦ ਸ਼ਬਦ ਕੀਰਤਨ ਤੇ ਇਸ ਸਾਲ ਦੀ ਪਹਿਲੀ ਅਰਦਾਸ ਪੂਰੀ ਕੀਤੀ ਗਈ। ਪਹਿਲੇ ਜੱਥੇ 'ਚ ਹੇਮਕੁੰਡ ਸਾਹਿਬ ਪਹੁੰਚੇ ਸਿੱਖ ਸ਼ਰਧਾਲੂਆਂ ਨੇ ਪਵਿਤਰ ਸਰੋਵਰ 'ਚ ਡੁਬਕੀ ਲਗਾ ਕੇ ਅਰਦਾਸ ਕੀਤੀ।
ਕੋਰੋਨਾ ਮਹਾਂਮਾਰੀ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਮ 'ਚ ਇੱਕ ਦਿਨ 'ਚ 100 ਸ਼ਰਧਾਲੂਆਂ ਨੂੰ ਹੀ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ। ਦੱਸ ਦਈਏ ਕਿ ਹੇਮਕੁੰਡ ਸਾਹਿਬ ਵਿਖੇ ਸਿੱਖਾਂ ਦੇ 10ਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਸੀ। ਹੇਮਕੁੰਡ ਸਾਹਿਬ ਵਿਸ਼ਵਭਰ ਵਿੱਚ ਸਭ ਤੋਂ ਉੱਚੀ ਥਾਂ 'ਤੇ ਸਥਿਤ ਗੁਰਦੁਆਰਾ ਹੈ।