ਹਰਿਆਣਾ: ਕੈਬਿਨੇਟ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਰਾਮ ਰਹੀਮ ਬਾਰੇ ਦਿੱਤੇ ਬਿਆਨ 'ਤੇ ਆਪਣਾ ਸਪੱਸ਼ਟੀਕਰਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਰਾਮ ਰਹੀਮ ਦੀ ਜਾਨ ਨੂੰ ਖ਼ਤਰਾ ਹੈ। ਚੌਟਾਲਾ ਨੇ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਨੇ ਰਾਮ ਰਹੀਮ ਦੇ ਕਾਫ਼ਿਲੇ ਨੂੰ ਜੈਮਰ ਲਾ ਕੇ ਦਿੱਤੇ ਸਨ, ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ।
ਬਿਜਲੀ ਤੇ ਜੇਲ ਮੰਤਰੀ ਨੇ ਕਿਹਾ ਕਿ ਬੱਬਰ ਖ਼ਾਲਸਾ ਗਰੁੱਪ ਤੋਂ ਰਾਮ ਰਹੀਮ ਨੂੰ ਖ਼ਤਰਾ ਹੈ, ਪਰ ਅਕਾਲੀ ਦਲ ਦਾ ਨਾਂਅ ਗ਼ਲਤੀ ਨਾਲ ਲਿਆ ਗਿਆ ਸੀ। ਸੁਰੱਖਿਆ ਨੂੰ ਲੈ ਕੇ ਰਾਮ ਰਹੀਮ ਨੂੰ ਕਿਸੇ ਹੋਰ ਜੇਲ੍ਹ ਵਿੱਚ ਭੇਜਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਜੇਲ੍ਹਾਂ ਸੁਰੱਖਿਅਤ ਹਨ। ਇਸ ਲਈ ਫ਼ਿਲਹਾਲ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਾਧਵੀ ਦੇ ਬਲਾਤਕਾਰ ਮਾਮਲੇ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਲੈ ਕੇ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਕੌਮਾਂਤਰੀ ਪੱਧਰ ਉੱਤੇ ਬੱਬਰ ਖ਼ਾਲਸਾ ਵਰਗੇ ਅੱਤਵਾਦੀ ਗਿਰੋਹਾਂ ਤੋਂ ਜਾਨ ਦਾ ਖ਼ਤਰਾ ਹੈ, ਜਿਸ ਦੌਰਾਨ ਉਨ੍ਹਾਂ ਕੋਲੋਂ ਅਕਾਲੀ ਦਲ ਦਾ ਨਾਂਅ ਵੀ ਲਿਆ ਗਿਆ ਸੀ ਜਿਸ ਸਬੰਧੀ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਣ ਦਿੱਤਾ ਹੈ।