ਜੈਪੁਰ: ਰਾਜਸਥਾਨ ਵਿੱਚ ਚੱਲ ਰਹੇ ਗੁੱਜਰ ਅੰਦੋਲਨ ਦੇ ਮੱਦੇਨਜ਼ਰ ਭਰਤਪੁਰ-ਬਯਾਨਾ ਰੇਲ ਮਾਰਗ ਤੋਂ ਲੰਘਣ ਵਾਲੀਆਂ ਲਗਭਗ ਇੱਕ ਦਰਜਨ ਰੇਲ ਗੱਡੀਆਂ ਦੇ ਰੂਟ ਬਦਲੇ ਗਏ ਹਨ। ਜਾਣਕਾਰੀ ਅਨੁਸਾਰ ਜਨ-ਸ਼ਤਾਬਦੀ ਰੇਲ ਗੱਡੀ ਦਾ ਰੂਟ ਵੀ ਬਦਲਿਆ ਗਿਆ। ਇਸ ਤੋਂ ਇਲਾਵਾ ਰੇਲਵੇ ਅਧਿਕਾਰੀ ਹੋਰ ਰੇਲ ਗੱਡੀਆਂ ਦੇ ਰੂਟ ਬਦਲਣ ਦੀ ਤਿਆਰੀ ਕਰ ਰਹੇ ਹਨ।
ਗੁੱਜਰ ਅੰਦੋਲਨ ਦੇ ਮੁੱਦੇ 'ਤੇ ਵਿਰੋਧੀ ਆਗੂ ਗੁਲਾਬਚੰਦ ਕਟਾਰੀਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੁੱਜਰਾਂ ਵੱਲੋਂ ਕੇਂਦਰ ਨੂੰ ਚਿੱਠੀ ਭੇਜਣ ਨਾਲ ਵੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਨਾਲ ਜੁੜੀਆਂ ਮੰਗਾਂ ਦਾ ਗਹਿਲੋਤ ਸਰਕਾਰ ਇਮਾਨਦਾਰੀ ਨਾਲ ਹੱਲ ਕਰੇ।

ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਦੋਵਾਂ ਪੱਖਾਂ ਨੂੰ ਇਮਾਨਦਾਰੀ ਨਾਲ ਵਿਚਾਰਨਾ ਚਾਹੀਦਾ ਹੈ ਕਿ ਕਿਹੜੀ ਮੰਗ ਪੂਰੀ ਹੋ ਸਕਦੀ ਹੈ। ਨਾਲ ਹੀ ਕਟਾਰੀਆ ਨੇ ਕਰਨਲ ਬੈਂਸਲਾ ਅਤੇ ਗੁੱਜਰਾਂ ਨੂੰ ਅਪੀਲ ਕੀਤੀ ਕਿ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਜਨਤਾ ਅਤੇ ਦੇਸ਼ ਹਿੱਤ ਵਿੱਚ ਨਹੀਂ ਹੈ। ਇਸ ਲਈ ਉਹ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ।
ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੀ ਤਜਵੀਜ਼ ਲੈ ਕੇ ਗੁੱਜਰਾਂ ਕੋਲ ਪੁੱਜੇ। ਹਾਲਾਂਕਿ ਵਿਜੇ ਬੈਂਸਲਾ ਨੇ ਨਵੇਂ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਜਦਕਿ ਨਵੇਂ ਪ੍ਰਸਤਾਵ ਵਿੱਚ ਮੰਤਰੀ ਰਘੂ ਸ਼ਰਮਾ ਦੇ ਦਸਤਖ਼ਤ ਮੌਜੂਦ ਹਨ।
ਇਸ ਤੋਂ ਪਹਿਲਾਂ ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਨੇ ਅਜਮੇਰ ਦੇ ਗੁੱਜਰਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਸੜਕਾਂ 'ਤੇ ਉਤਰਨ ਲਈ ਕਿਹਾ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਗੁੱਜਰ ਛੇਤੀ ਹੀ ਸੜਕਾਂ 'ਤੇ ਆ ਸਕਦੇ ਹਨ। ਕਿਰੋੜੀ ਬੈਂਸਲਾ ਦੇ ਮੁੰਡੇ ਵਿਜੇ ਬੈਂਸਲਾ ਨੇ ਹੋਰ ਜ਼ਿਲ੍ਹਿਆਂ ਵਿੱਚ ਗੁੱਜਰਾਂ ਨੂੰ ਸੜਕਾਂ 'ਤੇ ਆਉਣ ਅਤੇ ਥਾਂ-ਥਾਂ ਚੱਕਾ ਜਾਮ ਕਰਨ ਲਈ ਕਿਹਾ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਰੇਲਵੇ ਲਾਈਨਾਂ 'ਤੇ 200 ਤੋਂ 250 ਗੁੱਜਰ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਅਸ਼ੋਕ ਚਾਂਦਨਾ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਰੇਲ ਲਾਈਨਾਂ ਨੂੰ ਨੁਕਸਾਨ ਪਹੁੰਚਾਉਣ ਲੱਗੇ। ਐਤਵਾਰ ਨੂੰ ਗੁੱਜਰ ਅੰਦੋਲਨ ਦੇ ਚਲਦੇ ਕੁੱਝ ਜ਼ਿਲ੍ਹਿਆਂ ਵਿੱਚ ਰੋਡਵੇਜ਼ ਬੱਸਾਂ ਬੰਦ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸਮਾਜ ਦੇ ਇੱਕ ਧੜੇ ਨੇ ਸਨਿਚਰਵਾਰ ਨੂੰ ਜੈਪੁਰ ਪੁੱਜ ਕੇ ਸਰਕਾਰ ਨਾਲ ਗੱਲਬਾਤ ਕਰਦੇ ਹੋਏ 14 ਨੁਕਤਿਆਂ 'ਤੇ ਸਮਝੌਤਾ ਕਰ ਲਿਆ। ਸਮਝੌਤੇ ਤੋਂ ਬਾਅਦ ਐਤਵਾਰ ਸਵੇਰੇ 10 ਵਜੇ ਭਰਤਪੁਰ ਜ਼ਿਲ੍ਹੇ ਪੀਲੂਕਾਪੁਰਾ ਵਿੱਚ ਮਹਾਂ-ਪੰਚਾਇਤ ਹੋਈ।
ਸੂਤਰਾਂ ਦੀ ਮੰਨੀਏ ਤਾਂ ਬੈਂਸਲਾ ਧੜਾ ਅਜੇ ਵੀ ਬੈਕਲਾਗ ਦੀ ਮੰਗ ਪੂਰੀ ਨਾ ਕਰਨ ਦੀ ਗੱਲ ਤੋਂ ਨਰਾਜ਼ ਹੈ, ਉਥੇ ਹੀ ਜੈਪੁਰ ਵਿਖੇ ਗੱਲਬਾਤ ਕਰਨ ਲਈ ਵਫ਼ਦ ਮੈਂਬਰਾ ਸਾਬਕਾ ਸਰਪੰਚ ਯਾਦਰਾਮ ਨੇ ਦੱਸਿਆ ਕਿ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਸਫ਼ਲ ਰਹੀ ਹੈ। ਪਰ ਅੰਦੋਲਨ ਨੂੰ ਲੈ ਕੇ ਫ਼ੈਸਲਾ ਕਰਨਲ ਕਿਰੋੜੀ ਸਿੰਘ ਬੈਂਸਲਾ ਹੀ ਕਰਨਗੇ।

ਪੁਲਿਸ ਤੇ ਪ੍ਰਸ਼ਾਸਨ ਨੇ ਵੀ ਅੰਦੋਲਨ ਨੂੰ ਵੇਖਦੇ ਹੋਏ ਸੁਰੱਖਿਆ ਦੇ ਚੌਕਸ ਪ੍ਰਬੰਧ ਕੀਤੇ ਹਨ। ਪ੍ਰਸਤਾਵਿਤ ਗੁੱਜਰ ਅੰਦੋਲਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਬਯਾਨਾ ਦੇ ਗੁੱਜਰਾਂ ਦੀ ਬਹੁ-ਗਿਣਤੀ ਵਾਲੇ ਖੇਤਰ ਵਿੱਚ ਕਰੀਬ 2800 ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਹੈ। ਇਸਦੇ ਨਾਲ ਹੀ ਜ਼ਿਲ੍ਹਾ ਕੁਲੈਕਟਰ ਨਥਮਲ ਡਿਡੇਲ ਅਤੇ ਪੁਲਿਸ ਆਈਜੀ ਸੰਜੀਵ ਨਾਰਜਰੀ ਨੇ ਬਯਾਨਾ ਅਤੇ ਪੀਲੂਕਾਪੁਰਾ ਪਿੰਡ ਦਾ ਦੌਰਾ ਕੀਤਾ।
ਗਹਿਲੋਤ ਸਰਕਾਰ ਨੇ ਸੰਭਾਵਿਤ ਅੰਦੋਲਨ ਨੂੰ ਵੇਖਦੇ ਹੋਏ ਜੈਪੁਰ ਦਿਹਾਤੀ ਦੇ ਕੁੱਝ ਹਿੱਸਿਆਂ ਦੇ ਨਾ ਹੀ ਦੌਸਾ, ਕਰੌਲੀ, ਸਵਾਈ ਮਾਧੋਪੁਰ ਅਤੇ ਭਰਤਪੁਰ ਸਮੇਤ ਗੁੱਜਰ ਬਹੁ-ਗਿਣਤੀ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।
ਰਾਜਸਥਾਨ ਸਰਕਾਰ ਨੇ ਭਰਤਪੁਰ, ਧੌਲਪੁਰ, ਸਵਾਈ ਮਾਧੋਪੁਰ, ਦੌਸਾ, ਟੌਂਕ, ਬੂੰਦੀ, ਝਾਲਾਵਾੜ ਅਤੇ ਕਰੌਲੀ ਜ਼ਿਲ੍ਹਿਆਂ ਵਿੱਚ ਅਮਨ-ਸ਼ਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ, ਉਥੇ ਹੀ ਭਰਤਪੁਰ, ਧੌਲਪੁਰ, ਕਰੌਲੀ ਸਮੇਤ ਗੁੱਜਰ ਬਹੁਗਿਣਤੀ ਖੇਤਰਾਂ ਵਿੱਚ ਧਾਰਾ 144 ਲਗਾਈ ਗਈ ਹੈ।