ਨਵੀਂ ਦਿੱਲੀ: ਸਰਕਾਰ ਨੇ ਇਕਾਂਤਵਾਸ ਵਿੱਚ ਰੱਖੇ ਪ੍ਰਵਾਸੀ ਮਜ਼ਦੂਰਾਂ ਅਤੇ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਦੀ ਕੋਰੋਨਾ ਵਾਇਰਸ ਜਾਂਚ ਲਈ ‘ਆਰਟੀ-ਪੀਸੀਆਰ’ ਅਧਾਰਤ ‘ਪੂਲ ਟੈਸਟਿੰਗ’ ਕਰਨ ਦਾ ਫੈਸਲਾ ਕੀਤਾ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਵਿਦੇਸ਼ਾਂ ਤੋਂ ਪਰਤੇ, ਪ੍ਰਵਾਸੀਆਂ ਅਤੇ ਗਰੀਨ ਜ਼ੋਨ ਲਈ ਆਰਟੀ-ਪੀਸੀਆਰ ਅਧਾਰਤ 'ਪੂਲ ਟੈਸਟਿੰਗ' ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਉਹੀ ਸਕ੍ਰੀਨਿੰਗ ਤਕਨੀਕ ਗਰੀਨ ਜ਼ੋਨ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਕੋਵਿਡ-19 ਦੀ ਨਿਗਰਾਨੀ ਲਈ ਵੀ ਵਰਤੀ ਜਾ ਸਕਦੀ ਹੈ, ਜਿੱਥੇ ਹੁਣ ਤੱਕ ਜਾਂ ਪਿਛਲੇ 21 ਦਿਨਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਗਾਈਡਲਾਈਨਜ਼ ਵਿਚ ਕਿਹਾ ਗਿਆ ਹੈ, "ਇਕਾਂਤਾਵਸ ਕੇਦਰਾਂ ਅਤੇ ਇਸ ਦੇ ਲਈ ਨਿਰਧਾਰਿਤ ਹੋਟਲਾਂ ਆਦਿ ਵਿੱਚ ਰੱਖੇ ਗਏ ਪ੍ਰਵਾਸੀ ਕਾਮੇ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਅਤੇ ਅਤੇ 'ਗਰੀਨ ਜ਼ੋਨ' ( ਅਜਿਹੇ ਜ਼ਿਲ੍ਹੇ ਜਿੱਥੇ ਪਿਛਲੇ 21 ਦਿਨਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ) ਵਿੱਚ ਨਿਗਰਾਨੀ ਦੇ ਉਦੇਸ਼ਾਂ ਲਈ ਆਰਟੀ-ਪੀਸੀਆਰ ਅਧਾਰਤ 'ਪੂਲ ਟੈਸਟਿੰਗ' ਦੀ ਵਰਤੋਂ ਕਰਨ ਦਾ ਫੈਸਲਾ ਲਿਆ ਗਿਆ ਹੈ।
ਪੂਲ ਟੈਸਟਿੰਗ ਵਿੱਚ, ਬਹੁਤ ਸਾਰੇ ਲੋਕਾਂ ਦੇ ਨਮੂਨੇ ਇਕੱਠੇ ਕੀਤੇ ਜਾਂਦੇ ਹਨ ਅਤੇ ਜੇ ਕਿਸੇ ਪੂਲ ਵਿੱਚ ਲਾਗ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਸ਼ਾਮਲ ਸਾਰੇ ਲੋਕਾਂ ਦੇ ਨਮੂਨਿਆਂ ਦੀ ਵੱਖਰੀ ਜਾਂਚ ਕੀਤੀ ਜਾਂਦੀ ਹੈ ਅਤੇ ਲਾਗ ਵਾਲੇ ਵਿਅਕਤੀ ਦਾ ਪਤਾ ਲਗਾਇਆ ਜਾਂਦਾ ਹੈ।
ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਇਸ ਸਕ੍ਰੀਨਿੰਗ ਵਿਧੀ ਦੇ ਤਹਿਤ ਇੱਕੋ ਸਮੇਂ 25 ਵਿਅਕਤੀਆਂ ਦੀ ਚੋਣ ਕੀਤੀ ਜਾਏਗੀ ਅਤੇ ਪ੍ਰਯੋਗਸ਼ਾਲਾ ਦੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੁਆਰਾ ਨਿਯਮਾਂ ਦੀ ਪਾਲਣਾ ਕਰਦਿਆਂ, ਪੀਪੀਈ ਕਿੱਟਾਂ, ਦਸਤਾਨੇ ਅਤੇ ਐਨ 95 ਮਾਸਕ ਪਾ ਕੇ ਸੈਂਪਲ ਲਏ ਜਾਣਗੇ। ਇਹ ਵੀ ਕਿਹਾ ਗਿਆ ਹੈ ਕਿ ਟੈਸਟ ਦੇ ਨਮੂਨੇ ਦੇ ਬਾਕਸ ਤੇ ਨਾਂਅ/ਉਮਰ/ਲਿੰਗ/ਨਮੂਨਾ ਨੰਬਰ ਆਦਿ ਲਿਖਣ ਦੀ ਜ਼ਰੂਰਤ ਹੋਏਗੀ।
ਦਿਸ਼ਾ-ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ 25 ਅਜਿਹੇ ਨਮੂਨਿਆਂ ਦੀ ਟ੍ਰਿਪਲ-ਲੇਅਰਡ ਪੈਕਿੰਗ ਕੀਤੀ ਜਾਵੇਗੀ ਅਤੇ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨੋਨੀਤ ਪ੍ਰਯੋਗਸ਼ਾਲਾ ਵਿੱਚ ਪਹੁੰਚਾਏ ਜਾਣਗੇ। ਇਸ ਦੀ ਜਾਂਚ ਰਿਪੋਰਟ 24 ਘੰਟਿਆਂ ਦੇ ਅੰਦਰ ਪਹੁੰਚਾਈ ਜਾਏਗੀ।
ਗਾਈਡਲਾਈਨਜ਼ ਵਿੱਚ ਕਿਹਾ ਗਿਆ ਹੈ, "ਜੇਕਰ ਸਮੂਹ ਵਿੱਚ ਕਿਸੇ ਨਮੂਨੇ ਵਿੱਚ ਲਾਗ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਪ੍ਰਯੋਗਸ਼ਾਲਾ ਵਿੱਚ ਰੱਖੇ ਨਮੂਨਿਆਂ ਵਿੱਚੋਂ ਵਿਅਕਤੀਗਤ ਨਮੂਨਿਆਂ ਦੀ ਜਾਂਚ ਕੀਤੀ ਜਾਏਗੀ।"