ਨਵੀਂ ਦਿਲੀ: ਦੇਸ਼ 'ਚ ਆਰਥਿਕ ਮੰਦੀ ਦੇ ਚਲਦਿਆਂ ਅਗਸਤ ਮਹੀਨੇ ਦੀ ਜੀਐਸਟੀ ਕੁਲੈਕਸ਼ਨ ਵਿੱਚ ਸਤੰਬਰ ਦੇ ਮੁਕਾਬਲੇ 'ਚ ਲਗਭਗ 6 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਅਗਸਤ 'ਚ ਜੀਐਸਟੀ ਇਕੱਤਰ ਕਰਨ ਦੀ ਰਾਸ਼ੀ 98,202 ਕਰੋੜ ਰੁਪਏ ਸੀ ਜਿਹੜੀ ਸਤੰਬਰ 'ਚ ਘੱਟ ਕੇ 91,916 ਕਰੋੜ ਰੁਪਏ ਹੋ ਗਈ।
ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦਾ ਕੁਲੈਕਸ਼ਨ ਸਤੰਬਰ 2019 ਚ 2.67 ਫੀਸਦੀ ਘੱਟ ਕੇ 91,916 ਕਰੋੜ ਰੁਪਏ 'ਤੇ ਆ ਗਿਆ, ਜਿਹੜਾ ਕਿ ਪਿਛਲੇ ਸਾਲ ਇਸੇ ਮਹੀਨੇ' ਚ 94,442 ਕਰੋੜ ਰੁਪਏ ਦੀ ਕਮਾਈ ਤੋਂ 2.67 ਫ਼ੀਸਦੀ ਘੱਟ ਹੈ। ਇਹ ਸੰਗ੍ਰਹਿ ਪਿਛਲੇ 19 ਮਹੀਨਿਆਂ ਵਿੱਚ ਸਭ ਤੋਂ ਘੱਟ ਰਿਹਾ।
ਵਿੱਤ ਮੰਤਰਾਲੇ ਮੁਤਾਬਕ ਸਤੰਬਰ ਵਿੱਚ ਜੀਐਸਟੀ ਸੰਗ੍ਰਹਿ 'ਚ ਕੇਂਦਰੀ ਜੀਐਸਟੀ 16,630 ਕਰੋੜ ਰੁਪਏ, ਸੂਬਾਈ ਜੀਐਸਟੀ ਸੰਗ੍ਰਹਿ 25258 ਕਰੋੜ ਰੁਪਏ, ਇੰਟੀਗਰੇਟਡ ਜੀਐਸਟੀ ਕੁਲੈਕਸ਼ਨ 45069 ਕਰੋੜ ਰੁਪਏ ਅਤੇ ਸੈੱਸ ਕੁਲੈਕਸ਼ਨ 7620 ਕਰੋੜ ਰੁਪਏ ਰਿਹਾ।