ਚੰਡੀਗੜ੍ਹ: ਸਰਚ ਇੰਜਣ ਗੂਗਲ ਤੇ ਕਥਿਤ ਖ਼ਾਲਿਸਤਾਨ ਦੀ ਰਾਜਧਾਨੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਗੂਗਲ 'ਤੇ ਖ਼ਾਲਿਸਤਾਨ ਦੀ ਰਾਜਧਾਨੀ ਸਰਚ ਕਰਨ 'ਤੇ ਲਾਹੌਰ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।
ਜਦੋਂ ਤੁਸੀਂ ਗੂਗਲ 'ਤੇ ਕੈਪਟਿਲ ਆਫ਼ ਖ਼ਾਲਿਸਤਾਨ ਸਰਚ ਕਰਦੇ ਹੋ ਤਾਂ ਉੱਥੇ ਲਾਹੌਰ ਲਿਖਿਆ ਆਉਂਦਾ ਹੈ। ਹਾਲਾਂਕਿ ਇਸ ਤੋਂ ਬਾਅਦ ਗੂਗਲ ਨੇ ਇਸ ਨੂੰ ਹਟਾ ਦਿੱਤਾ ਹੈ।
ਵਿੱਕੀਪੀਡੀਆ ਦੇ ਮੁਤਾਬਕ ਪੂਰਬੀ ਪਾਕਿਸਤਾਨ ਅਤੇ ਪੱਛਮੀ ਭਾਰਤ ਦੇ ਖੇਤਰਾਂ ਨੂੰ ਨਵਾਂ ਬਣਾਇਆ ਖ਼ਾਲਿਸਤਾਨ ਕਿਹਾ ਗਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਖ਼ਾਲਿਸਤਾਨ ਦੀ ਰਾਜਧਾਨੀ ਲਾਹੌਰ ਹੋਵੇਗੀ। ਲਾਹੌਰ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇੱਥੇ ਸ਼ਾਸਨ ਕੀਤਾ।
ਇਸ ਵਿੱਚ ਖ਼ਾਸ ਗੱਲ ਇਹ ਹੈ ਕਿ ਅਮਰੀਕਾ ਸਥਿਤ ਸਿੱਖ ਫਾਰ ਜਸਟਿਸ (ਐਸਐਫਜੇ) ਦੇ ਕਾਨੂੰਨੀ ਸਲਾਹਕਾਰ ਅਤੇ ਅਲਗਾਵਾਦੀ ਅੰਦੋਲਨ ਦੇ ਮੁੱਖ ਪ੍ਰਚਾਰਕ ਗੁਰਪਤਵੰਤ ਸਿੰਘ ਪੰਨੂ ਇਸ ਨਤੀਜੇ ਨੂੰ ਵੇਖ ਕੇ ਖ਼ੁਦ ਹੈਰਾਨ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਲਾਹੌਰ ਨੂੰ ਖ਼ਾਲਿਸਤਾਨ ਦੀ ਰਾਜਧਾਨੀ ਦੱਸ ਰਿਹਾ ਹੈ ਮੈਂ ਉਸ ਦੀ ਮੁਹਿੰਮ ਨੂੰ ਵੇਖਣਾ ਚਾਹੁੰਦਾ ਹਾਂ। ਉਸ ਦਾ ਕੀ ਪਲੈਨ ਹੈ ਅਤੇ ਉਹ ਇਸ ਤੇ ਕਿਵੇਂ ਅਮਲ ਕਰ ਰਹੇ ਹਨ।
ਜੇ ਯਾਦ ਹੋਵੇ ਤਾਂ ਗੂਗਲ ਪਲੇਅ ਸਟੋਰ ਤੇ ਕੁਝ ਦਿਨ ਪਹਿਲਾਂ referendum 2020 ਨਾਂਅ ਦੀ ਐਪ ਪਾਈ ਗਈ ਸੀ ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਸ਼ਿਕਾਇਤ ਤੋਂ ਬਾਅਦ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ।