ਨਵੀਂ ਦਿੱਲੀ: ਕਰਨਾਟਕ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਉਸਦੀ ਹੀ ਸਹੇਲੀ ਨੇ ਦਿੱਲੀ ਵਿੱਚ ਨੌਕਰੀ ਦਿਵਾਉਣ ਦਾ ਬਹਾਨਾ ਲਗਾਕੇ ਇੱਕ ਮਹਿਲਾ ਨੂੰ ਵੇਚ ਦਿੱਤਾ। ਇਹ ਮਹਿਲਾ ਜੀਬੀ ਰੋਡ ਸਥਿਤ ਕੋਠੇ ਦੀ ਨਾਇਕਾ ਸੀ।
ਜਾਣਕਾਰੀ ਅਨੁਸਾਰ ਪਹਿਲਾਂ ਤਾਂ ਕੋਠੇ ਦੀ ਨਾਇਕਾ ਨੇ ਕੁੜੀ ਤੋਂ ਘਰੇਲੂ ਕੰਮਕਾਜ ਕਰਵਾਇਆ ਅਤੇ ਫਿਰ ਜੀਬੀ ਰੋਡ ਦੇ ਕੋਠੇ ਉੱਤੇ ਦੇਹ ਵਪਾਰ ਵਿੱਚ ਧੱਕ ਦਿੱਤਾ। ਉੱਥੇ ਰੋਜ਼ਾਨਾ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਜਾਂਦੇ ਸਨ ਅਤੇ ਵਿਰੋਧ ਕਰਨ ਉੱਤੇ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਕਿਸੇ ਤਰ੍ਹਾਂ ਉਹ ਖਿੜਕੀ 'ਤੇ ਸਾੜ੍ਹੀ ਨੂੰ ਰੱਸੀ ਵਾਂਗ ਬੰਨਕੇ ਉੱਥੋਂ ਭੱਜ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਨਾਇਕਾ ਨੂੰ ਉਸਦੇ ਪਤੀ ਨਾਲ ਗ੍ਰਿਫ਼ਤਾਰ ਕਰ ਲਿਆ ਹੈ।
ਦੋ ਸਾਲ ਤੱਕ ਘਰ ਵਿੱਚ ਕੰਮ ਕਰਵਾਇਆ
ਦੱਸ ਦਈਏ ਕਿ 20 ਸਾਲ ਦੀ ਪੀੜਤਾ ਕਰਨਾਟਕ ਦੀ ਰਹਿਣ ਵਾਲੀ ਹੈ। ਉਸਨੇ ਦੱਸਿਆ ਕਿ ਉਸਦੀ ਇੱਕ ਦੋਸਤ ਉਸਨੂੰ ਦਿੱਲੀ ਵਿੱਚ ਚੰਗੀ ਨੌਕਰੀ ਦਿਵਾਉਣ ਦੀ ਗੱਲ ਕਹਿਕੇ ਦਿੱਲੀ ਲੈ ਆਈ। ਇੱਥੇ ਉਸਨੂੰ ਬੇਗਮਪੁਰ ਵਿੱਚ ਰਹਿਣ ਵਾਲੀ ਸਰੋਜ ਨਾਂਅ ਦੀ ਮਹਿਲਾ ਨੂੰ ਵੇਚਕੇ ਉਹ ਚਲੀ ਗਈ। ਇੱਥੇ ਉਹ ਸਰੋਜ ਦੇ ਘਰ ਦਾ ਕੰਮਕਾਜ ਕਰਦੀ ਸੀ। ਇਸਦੇ ਬਦਲੇ ਉਸਨੂੰ ਇੱਕ ਵੀ ਰੁਪਇਆ ਨਹੀਂ ਮਿਲਦਾ ਸੀ। ਉੱਥੇ ਮੁਲਜ਼ਮ ਮਹਿਲਾ ਨੇ ਪੀੜਤਾ ਤੋਂ ਆਪਣੇ ਘਰ ਵਿੱਚ ਦੋ ਸਾਲ ਤੱਕ ਕੰਮ ਕਰਵਾਇਆ। ਇਸ ਦੌਰਾਨ ਮਹਿਲਾ ਦੀ ਗੈਰ ਹਾਜ਼ਰੀ ਵਿੱਚ ਉਸਦਾ ਪਤੀ ਹਰੀਸ਼ ਅਰੋੜਾ ਉਸਦੇ ਨਾਲ ਜਬਰ ਜਨਾਹ ਕਰਨ ਲੱਗਾ ਅਤੇ ਜੇ ਉਹ ਵਿਰੋਧ ਕਰਦੀ ਤਾਂ ਉਸ ਨਾਲ ਕੁੱਟਮਾਰ ਕਰਦਾ ਸੀ।
ਛੇ ਮਹੀਨੇ ਲਈ ਜੀਬੀ ਰੋਡ ਉੱਤੇ ਰੱਖਿਆ
ਪੀੜਤਾ ਨੇ ਦੱਸਿਆ ਕਿ ਉਸਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਰੋਜ ਕੋਠੇ ਉੱਤੇ ਨਾਇਕਾ ਹੈ। ਉਹ ਜਦੋਂ ਘਰ ਜਾਣ ਦੀ ਜ਼ਿੱਦ ਕਰਨ ਲੱਗੀ ਤਾਂ ਸਰੋਜ ਨੇ ਉਸਨੂੰ ਕੋਠਾ ਨੰਬਰ 71 ਉੱਤੇ ਲਿਆਕੇ ਰਾਧਾ ਨਾਮਕ ਮਹਿਲਾ ਨੂੰ ਸੌਂਪ ਦਿੱਤਾ। ਇੱਥੇ ਰਾਧਾ ਉਸ ਤੋਂ ਜ਼ਬਰਦਸਤੀ ਦੇਹ ਵਪਾਰ ਕਰਵਾਉਣ ਲੱਗੀ। ਉਸਨੂੰ ਰੋਜ਼ਾਨਾ ਕਈ ਲੋਕਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾਇਆ ਜਾਂਦਾ ਸੀ। ਵਿਰੋਧ ਕਰਨ ਉੱਤੇ ਉਸਨੂੰ ਕੁੱਟਿਆ ਜਾਂਦਾ ਸੀ। ਇਸ ਦੌਰਾਨ ਉਸ ਕੋਲ ਇੱਕ ਗਾਹਕ ਆਇਆ, ਜਿਸਨੇ ਆਪਣਾ ਨੰਬਰ ਉਸਨੂੰ ਦਿੱਤਾ। ਉਸਨੇ ਕੁੜੀ ਨੂੰ ਕਿਹਾ ਕਿ ਉਹ ਉਸਦੀ ਮਦਦ ਕਰੇਗਾ। ਇਹ ਨੰਬਰ ਉਸਨੇ ਲੁੱਕਾਕੇ ਆਪਣੇ ਨਾਲ ਰੱਖ ਲਿਆ।
ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਰੋਜ ਉਸਨੂੰ ਮੁੜ ਆਪਣੇ ਫਲੈਟ ਉੱਤੇ ਲੈ ਗਈ। ਉੱਥੋਂ ਉਹ ਬਾਲਕਨੀ 'ਚੋਂ ਸਾੜੀ ਦੇ ਸਹਾਰੇ ਹੇਠਾਂ ਆ ਗਈ। ਇਸ ਤੋਂ ਬਾਅਦ ਉਸਨੇ ਕਿਸੇ ਦਾ ਫੋਨ ਲੈ ਕੇ ਉਸ ਸ਼ਖਸ ਨੂੰ ਫੋਨ ਕੀਤਾ, ਜਿਸਨੇ ਉਸਨੂੰ ਨੰਬਰ ਦਿੱਤਾ ਸੀ। ਉਹ ਸ਼ਖਸ ਕੁੜੀ ਨੂੰ ਮਿਲਿਆ ਅਤੇ ਉਸਨੂੰ ਕਮਲਾ ਮਾਰਕਿਟ ਲੈ ਕੇ ਆ ਗਿਆ। ਇੱਥੇ ਉਸਦਾ ਬਿਆਨ ਦਰਜ ਕਰ ਜਬਰ ਜਨਾਹ ਸਮੇਤ ਹੋਰ ਕਈ ਧਾਰਾਵਾਂ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਐੱਸਐੱਚਓ ਸੁਨੀਲ ਢਾਕਾ ਦੀ ਟੀਮ ਨੇ ਬੇਗਮਪੁਰ ਇਲਾਕੇ ਵਿੱਚ ਛਾਪਾ ਮਾਰਕੇ ਉੱਥੋਂ ਮਹਿਲਾ ਸਰੋਜ ਨੂੰ ਉਸਦੇ ਪਤੀ ਹਰੀਸ਼ ਅਰੋੜਾ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਕੋਠੇ ਉੱਤੇ ਛਾਪੇਮਾਰੀ ਕੀਤੀ ਤਾਂ ਰਾਧਾ ਉੱਥੋਂ ਫਰਾਰ ਹੋ ਚੁੱਕੀ ਸੀ, ਹੁਣ ਪੁਲਿਸ ਉਸਦੀ ਤਲਾਸ਼ ਕਰ ਰਹੀ ਹੈ।