ਪਟਨਾ: ਜੇਐਨਯੂ ਵਿੱਚ ਹੋਈ ਹਿੰਸਾ ਨੂੰ ਲੈ ਕੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ਦੇ ਲਈ ਰਾਹੁਲ ਗਾਂਧੀ ਤੇ ਵਿਰੋਧੀ ਪਾਰਟੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ।
ਗਿਰੀਰਾਜ ਨੇ ਕਿਹਾ, "ਪਤਾ ਨਹੀਂ ਕੁੱਝ ਲੋਕ ਜੇਐਨਯੂ ਨੂੰ ਕੀ ਬਣਾਉਣਾ ਚਾਹੁੰਦੇ ਹਨ। ਜੇਐਨਯੂ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ ਉਹ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਹਨ। ਕਿਵੇਂ ਇੰਨੇ ਲੋਕ ਰਾਤੋਂ-ਰਾਤ ਉੱਥੇ ਪਹੁੰਚ ਰਹੇ ਹਨ, ਇਹ ਸੋਚਣ ਵਾਲੀ ਗੱਲ ਹੈ।"
ਉਨ੍ਹਾਂ ਰਾਹੁਲ ਗਾਂਧੀ ਨੂੰ ਵੀ ਇਸ ਹਿੰਸਾ ਲਈ ਜਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਸਭ ਦੇਖ ਰਹੀ ਹੈ ਕਿ ਕਿਵੇਂ ਲੋਕ ਜੇਐਨਯੂ ਦੇ ਅੰਦਰ ਮਹੌਲ ਖ਼ਰਾਬ ਕਰ ਰਹੇ ਹਨ।
ਦੱਸ ਦਈਏ ਕਿ ਐਤਵਾਰ ਨੂੰ ਜੇਐਨਯੂ ਵਿੱਚ ਨਕਾਬ ਬੰਨ੍ਹ ਕੇ ਆਏ ਲੋਕਾਂ ਨੇ ਕੈਂਪਸ ਦੇ ਅੰਦਰ ਅਧਿਆਪਕਾਂ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਦਿਆਰਥੀ ਸਭਾ ਦੀ ਪ੍ਰਧਾਨ ਆਈਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਭਰ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।