ਦੱਖਣੀ ਅਫ਼ਰੀਕਾ ਵਿੱਚ ਆਪਣੀ ਕਿਤਾਬ 'ਸਤਿਆਗ੍ਰਹਿ' ਵਿੱਚ ਗਾਂਧੀ ਜੀ ਨੇ ਲਿਖਿਆ ਸੀ ਕਿ ਸਾਰਿਆਂ ਨੂੰ ਸਰਵਸ਼ਕਤੀਮਾਨ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜੀਵਨ ਤੇ ਮੌਤ ਵਿਚਕਾਰ ਫਰਕ ਬਾਰੇ ਵਿਸਥਾਰ 'ਚ ਲਿਖਦਿਆਂ ਗਾਂਧੀ ਜੀ ਨੇ ਲਿਖਿਆ ਕਿ ਜਦੋਂ ਮੌਤ ਦਾ ਸਾਹਮਣਾ ਕਰਨਾ ਪਵੇ ਉਸ ਵੇਲੇ ਇੰਨਾ ਖ਼ੁਸ਼ ਹੋਣ ਚਾਹੀਦਾ ਹੈ ਜਿਵੇਂ ਯੁਗਾਂ ਤੋਂ ਵਿਛੜੇ ਹੋਏ ਪੁਰਾਣੇ ਮਿੱਤਰ ਨੂੰ ਮਿਲ ਕੇ ਖ਼ੁਸ਼ ਹੁੰਦੇ ਹਾਂ।ਇਸ ਤੋਂ ਬਾਅਦ ਜਦੋਂ ਉਹ ਦੱਖਣੀ ਅਫ਼ਰੀਕਾ 'ਚ ਰੁਕੇ ਤਾਂ ਗਾਂਧੀ ਜੀ ਨੇ ਮੌਤ ਨੂੰ ਇੱਕ ਦੋਸਤ ਤੋਂ ਲੰਮੇ ਵਿਛੋੜੇ ਵਜੋਂ ਸਵੀਕਾਰ ਕਰ ਲਿਆ ਸੀ। 30 ਦਸੰਬਰ 1926 ਨੂੰ ਯੰਗ ਇੰਡੀਆ 'ਚ ਗਾਂਧੀ ਜੀ ਨੇ ਲਿਖਿਆ ਕਿ ਮੌਤ ਸਿਰਫ਼ ਇਕ ਮਿੱਤਰ ਨਹੀਂ, ਸਗੋਂ ਸਭ ਤੋਂ ਪਿਆਰਾ ਸਾਥੀ ਹੈ।
ਇਸ ਲਈ ਮੌਤ ਉਨ੍ਹਾਂ ਲਈ ਕੋਈ ਭਿਆਨਕ ਘਟਨਾ ਨਹੀਂ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਸੀ ਕਿ ਕਿਸੇ ਵੀ ਵੇਲੇ ਮੌਤ ਹੋਣਾ ਇੱਕ ਕਿਸਮਤ ਵਾਲੀ ਗੱਲ ਹੈ ਪਰ ਇਹ ਕਿਸਮਤ ਉਸ ਯੋਧੇ ਲਈ ਦੁੱਗਣੀ ਹੈ ਜੋ ਆਪਣੇ ਸੱਚ ਦੇ ਉਦੇਸ਼ ਨੂੰ ਪ੍ਰਾਪਤ ਕਰਦਿਆਂ ਮਰ ਜਾਂਦਾ ਹੈ। ਇੱਥੇ ਸਚਾਈ ਦੀ ਮਾਨਤਾ ਇੰਨੀ ਗੂੜ੍ਹੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਵੱਖ ਨਹੀਂ ਕੀਤਾ ਜਾ ਸਕਦਾ।
ਇਹ ਹੀ ਕਾਰਨ ਹੈ ਕਿ ਗਾਂਧੀ ਜੀ ਆਪਣੀ ਸੱਚਾਈ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਉੱਥੇ ਹੀ ਆਚਾਰੀਆ ਜੇ. ਬੀ. ਕ੍ਰਿਪਲਾਨੀ, ਜਿਨ੍ਹਾਂ ਨੂੰ ਗਾਂਧੀ ਜੀ ਦੀ ਰਣਨੀਤੀ ਦੀ ਨੇੜਿਓਂ ਸਮਝ ਸੀ, ਨੇ ਲਿਖਿਆ ਕਿ ਜਦੋਂ ਗਾਂਧੀ ਜੀ ਨੂੰ ਅਹਿਸਾਸ ਹੋਇਆ ਕਿ ਸ਼ਹਾਦਤ ਦੇ ਮੌਕੇ ਬਹੁਤ ਘੱਟ ਆ ਰਹੇ ਹਨ ਤਾਂ ਉਹ ਨਵੇਂ ਹਾਲਾਤਾਂ ਦੀ ਭਾਲ ਵਿਚ ਰੁੱਝ ਜਾਂਦੇ ਸਨ।
30 ਜਨਵਰੀ 1948 ਤੋਂ ਪਹਿਲਾਂ ਗਾਂਧੀ ਜੀ ਨੂੰ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਜਦੋਂ ਦੱਖਣੀ ਅਫ਼ਰੀਕਾ 'ਚ ਉਨ੍ਹਾਂ ਨੇ ਬ੍ਰਿਟਿਸ਼ ਮਿੱਤਰ ਦੀ ਜਾਨ ਬਚਾਈ ਤਾਂ ਉਦੋਂ ਵੀ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਭਾਰਤ ਵਿੱਚ, 1934 ਤੋਂ ਬਾਅਦ ਗਾਂਧੀ ਜੀ ਦੀ ਜ਼ਿੰਦਗੀ ਲਗਾਤਾਰ ਦਾਅ 'ਤੇ ਲੱਗੀ ਹੋਈ ਸੀ। ਕਤਲ ਕੀਤੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਤੱਥ ਨੂੰ ਸਵੀਕਾਰ ਕਰ ਲਿਆ ਸੀ ਕਿ ਹੁਣ ਭਾਰਤ ਨੂੰ ਉਨ੍ਹਾਂ ਦੀ ਨਹੀਂ, ਸਗੋਂ ਉਨ੍ਹਾਂ ਦੀ ਜਾਨ ਦੀ ਲੋੜ ਸੀ।
ਗਾਂਧੀ ਜੀ ਨੇ ਆਪਣੀ ਜ਼ਿੰਦਗੀ ਵਿੱਚ ਕਈਂ ਖ਼ਤਰਿਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਕਿਸੇ ਵੀ ਨਿੱਜੀ ਸੁਰੱਖਿਆ ਤੋਂ ਪਰਹੇਜ਼ ਕੀਤਾ ਤੇ 1944 ਵਿੱਚ ਉਹ 125 ਸਾਲ ਜੀਉਣਾ ਚਾਹੁੰਦੇ ਸਨ। ਸਪੱਸ਼ਟ ਹੈ ਕਿ ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ ਸੀ। ਇਹ ਨਿਡਰਤਾ ਹੀ ਸੀ ਜਿਸ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਲੋਕਪ੍ਰਿਯ ਤੇ ਵਿਵਾਦਪੂਰਨ ਫ਼ੈਸਲੇ ਲਏ। ਭਾਵੇਂ ਇਹ ਹਰੀਜਨ ਯਾਤਰਾ ਸੀ ਜਾਂ 1946 ਤੋਂ ਬਾਅਦ ਫ਼ਿਰਕਾਪ੍ਰਸਤੀ ਵਿਰੁੱਧ ਉਨ੍ਹਾਂ ਦਾ ਸੰਘਰਸ਼ ਸੀ ਪਰ ਗਾਂਧੀ ਜੀ ਨੇ ਇੱਕ ਪਲ ਵੀ ਇੱਕਲਿਆਂ ਚਲਣ ਵਿੱਚ ਝਿਝਕ ਮਹਿਸੂਸ ਨਹੀਂ ਕੀਤੀ।
ਗਾਂਧੀ ਜੀ ਨੇ ਨੋਖਾਲੀ ਪਿੰਡ ਵਿੱਚ ਇੱਕ ਛੋਟੇ ਸਮੂਹ ਨਾਲ ਹਿੰਦੂਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਗਾਂਧੀ ਜੀ ਦਾ ਲੋਕਾਂ 'ਤੇ ਅਜਿਹਾ ਪ੍ਰਭਾਵ ਸੀ ਕਿ ਨਾ ਤਾਂ ਲੋਕ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਸਕਦੇ ਸਨ ਤੇ ਨਾ ਹੀ ਉਨ੍ਹਾਂ ਦੀ ਗੱਲ ਮੋੜ ਸਕਦੇ ਸਨ। ਇਨ੍ਹਾਂ ਕੰਮਾਂ ਨੇ ਗਾਂਧੀ ਜੀ ਨੂੰ ਇੱਕ 'ਮਹਾਤਮਾ' 'ਚ ਬਦਲ ਦਿੱਤਾ ਜਿਸ ਨੇ ਜ਼ਿੰਦਗੀ ਤੇ ਮੌਤ ਦੋਹਾਂ ਨੂੰ ਸਦੀਵੀ ਸੱਚ ਮੰਨ ਲਿਆ ਸੀ ਤੇ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਹੋ ਗਏ ਸਨ।
ਸੌਰਭ ਬਾਜਪਈ
(ਲੇਖਕ ਨੈਸ਼ਨਲ ਮੂਵਮੈਂਟ ਫਰੰਟ ਦੇ ਕਨਵੀਨਰ, ਸੁਤੰਤਰਤਾ ਸੰਗਰਾਮ ਦੇ ਪ੍ਰਤੀਨਿਧੀ ਸੰਗਠਨ ਤੇ ਦੇਸ਼ਬੰਧੂ ਕਾਲਜ, ਦਿੱਲੀ ਯੂਨੀਵਰਸਿਟੀ 'ਚ ਇਤਿਹਾਸ ਦੇ ਸਹਾਇਕ ਪ੍ਰੋਫ਼ੈਸਰ ਹਨ)