ਸ਼ਿਮਲਾ: ਨਾਗਾਲੈੈਂਡ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਸੀਬੀਆਈ ਨਿਰਦੇਸ਼ਕ ਅਸ਼ਵਨੀ ਕੁਮਾਰ ਨੇ ਦੇਰ ਸ਼ਾਮ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਸ਼ਿਮਲਾ ਵਿੱਚ ਆਪਣੀ ਰਿਹਾਇਸ਼ 'ਤੇ ਫ਼ਾਹਾ ਲੈ ਕੇ ਖੁਦਕੁਸ਼ੀ ਕੀਤੀ। ਮੌਕੇ 'ਤੇ ਪੁਲਿਸ ਨੂੰ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ।
ਸੁਸਾਇਡ ਨੋਟ ਵਿੱਚ ਲਿਖਿਆ ਹੈ ਕਿ ਉਹ ਆਪਣੇ ਜੀਵਨ ਤੋਂ ਤੰਗ ਆ ਕੇ ਅਗਲੀ ਯਾਤਰਾ ਲਈ ਨਿਕਲ ਰਹੇ ਹਨ। ਸਿਰਮੌਰ ਜ਼ਿਲ੍ਹੇ ਵਿੱਚ ਜੰਮੇ ਅਸ਼ਵਨੀ ਕੁਮਾਰ ਸੀਨੀਅਰ ਆਈਪੀਐਸ ਅਧਿਕਾਰੀ ਸਨ। ਉਨ੍ਹਾਂ ਦੀ ਖੁਦਕੁਸ਼ੀ ਦੀ ਸੂਚਨਾ ਮਿਲਦੇ ਹੀ ਸਿਮਲਾ ਦੇ ਐਸਪੀ ਮੋਹਿਤ ਚਾਵਲਾ ਟੀਮ ਨਾਲ ਮੌਕੇ 'ਤੇ ਪੁੱਜੇ। ਉਹ ਹਿਮਾਚਲ ਦੇ ਡੀ.ਜੀ.ਪੀ ਤੋਂ ਇਲਾਵਾ ਸੀ.ਬੀ.ਆਈ ਦੇ ਨਿਰਦੇਸ਼ਕ, ਮੇਘਾਲਿਆ ਦੇ ਰਾਜਪਾਲ ਅਤੇ ਏ.ਪੀ.ਜੇ ਯੂਨੀਵਰਸਿਟੀ ਸ਼ਿਮਲਾ ਦੇ ਉਪ ਕੁਲਪਤੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ।
ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਵਿੱਚ ਲੱਗ ਗਈ ਹੈ, ਹਾਲਾਂਕਿ ਸੁਸਾਇਡ ਨੋਟ ਬਰਾਮਦ ਹੋਣ ਤੋਂ ਬਾਅਦ ਹੁਣ ਕੁੱਝ ਹੋਰ ਕਹਿਣ ਲਈ ਨਹੀਂ ਬਚਿਆ ਹੈ, ਪਰ ਅਸ਼ਵਨੀ ਕੁਮਾਰ ਆਪਣੇ ਜੀਵਨ ਤੋਂ ਕਿਉਂ ਤੰਗ ਆ ਗਏ ਸਨ ਅਤੇ ਤਣਾਅ ਦੇ ਕਿਹੜੇ ਕਾਰਨ ਸਨ, ਉਨ੍ਹਾਂ ਦੀ ਖੁਲਾਸਾ ਹੋਣਾ ਅਜੇ ਬਾਕੀ ਹੈ।
ਅਸ਼ਵਨੀ ਕੁਮਾਰ ਨੇ ਆਪਣੀ ਪ੍ਰੋਫ਼ੈਸ਼ਨਲ ਜ਼ਿੰਦਗੀ ਵਿੱਚ ਸਫ਼ਲਤਾ ਦੇ ਕਈ ਕੀਰਤੀਮਾਨ ਸਥਾਪਤ ਕੀਤੇ। 70 ਸਾਲਾ ਅਸ਼ਵਨੀ ਕੁਮਾਰ ਦਾ ਜਨਮ ਸਿਰਮੌਰ ਦੇ ਜ਼ਿਲ੍ਹੇ ਨਾਹਨ ਵਿੱਚ ਹੋਇਆ ਸੀ। ਉਹ 1973 ਬੈਚ ਦੇ ਆਈਪੀਐਸ ਅਧਿਕਾਰੀ ਸਨ ਅਤੇ ਸੀਬੀਆਈ ਤੇ ਐਸਪੀਜੀ ਵਿੱਚ ਕਈ ਵੱਖ ਵੱਖ ਅਹੁਦਿਆਂ 'ਤੇ ਰਹੇ। ਅਗਸਤ 2008 ਤੋਂ ਨਵੰਬਰ 2010 ਦੌਰਾਨ ਉਹ ਸੀਬੀਆਈ ਦੇ ਨਿਰਦੇਸ਼ਕ ਰਹੇ। ਮਾਰਚ 2013 ਵਿੱਚ ਉਨ੍ਹਾਂ ਨੂੰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
ਹਾਲਾਂਕਿ ਸਾਲ 2014 ਵਿੱਚ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਪਿੱਛੋਂ ਉਹ ਸ਼ਿਮਲਾ ਵਿੱਚ ਇੱਕ ਨਿਜੀ ਯੂਨੀਵਰਸਿਟੀ ਵਾਈਸ ਚਾਂਸਲਰ ਵੀ ਰਹੇ। ਉਨ੍ਹਾਂ ਨੇ ਕਈ ਵਿਸ਼ਿਆਂ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ।