ਬਿਲਾਸਪੁਰ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੀ 'ਤਾਲਾਬੰਦੀ' ਦੌਰਾਨ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਉਨ੍ਹਾਂ ਨਾਲ ਦੋ ਹੋਰਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਸੈਣੀ ਨੂੰ ਬਿਲਾਸਪੁਰ 'ਚ ਸਵਰਘਾਟ ਇਲਾਕੇ 'ਚ ਵੀਰਵਾਰ ਸਵੇਰ ਚਾਰ ਵਜੇ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ।
ਦਰਅਸਲ ਸਵਰਘਾਟ ਬਾਰਡਰ 'ਤੇ ਤਾਇਨਾਤ ਪੁਲਿਸ ਕਰਮੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਵੈਲਿਡ ਪਾਸ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ਹਿਮਾਚਲ ਦੇ ਕਾਰਸੋਗ ਜਾਣਾ ਚਾਹੁੰਦੇ ਸਨ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੁਮੇਧ ਸੈਣੀ ਨੇ ਬਿਲਾਸਪੁਰ ਦੇ ਐਸਐਸਪੀ ਤੋਂ ਹਿਮਾਚਲ ਵਿੱਚ ਜਾਣ ਦੀ ਆਗਿਆ ਮੰਗੀ ਸੀ ਪਰ ਹਿਮਾਚਲ ਵੱਲੋਂ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਕੋਲ ਉਚਤ 'ਤਾਲਾਬੰਦੀ' ਪਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ। ਕੋਰੋਨਾ ਵਾਇਰਸ ਕਾਰਨ ਲੱਗੇ ਦੇਸ਼ ਵਿਆਪੀ 'ਤਾਲਾਬੰਦੀ' ਕਾਰਨ ਆਵਾਜਾਈ 'ਤੇ ਰੋਕ ਹੈ ਤੇ ਅੰਤਰਰਾਜੀ ਦਾਖਲੇ 'ਤੇ ਵੀ ਪਾਬੰਦੀ ਹੈ। ਜੇਕਰ ਕਿਸੇ ਨੇ ਐਮਰਜੈਂਸੀ 'ਚ ਕਿਤੇ ਜਾਣਾ ਹੋਵੇ ਤਾਂ ਉਸ ਦੇ ਲਈ ਵੈਲਿਡ ਪਾਸ ਬਣਵਾਉਣਾ ਲਾਜ਼ਮੀ ਹੈ।