ਕੋਚੀ: ਕੋਵਿਡ-19 ਮਹਾਂਮਾਰੀ ਕਾਰਨ ਸੰਯੁਕਤ ਅਰਬ ਅਮੀਰਾਤ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ 'ਵੰਦੇ ਭਾਰਤ ਮਿਸ਼ਨ' ਤਹਿਤ ਏਅਰ ਇੰਡੀਆ ਦਾ ਪਹਿਲਾ ਜਹਾਜ਼ ਵੀਰਵਾਰ ਦੀ ਦੁਪਹਿਰ 12 ਵਜ ਕੇ 20 ਮਿੰਟ 'ਤੇ ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ ਹੈ।
ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਯਾਤਰੀ ਕੇਰਲ ਤੋਂ ਹਨ, ਨੂੰ ਆਬੂ ਧਾਬੀ ਤੋਂ ਲਿਆਉਣ ਲਈ ਪਹਿਲਾ ਜਹਾਜ਼ ਕੋਚੀਨ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ। ਇਹ ਜਹਾਜ਼ 4 ਵਜ ਕੇ 15 ਮਿੰਟ 'ਤੇ ਉੱਥੋਂ ਯਾਤਰੀਆਂ ਨੂੰ ਲੈ ਕੇ ਉਡਾਣ ਭਰੇਗਾ।
ਇਹ ਜਹਾਜ਼ ਕੋਚੀਨ ਹਵਾਈ ਅੱਡੇ 'ਤੇ 9 ਵਜ ਕੇ 40 ਮਿੰਟ 'ਤੇ 177 ਬਾਲਗਾਂ ਅਤੇ 4 ਬੱਚਿਆਂ ਨੂੰ ਲੈ ਕੇ ਪਹੁੰਚੇਗਾ। 13 ਜਹਾਜ਼ਾਂ ਰਾਹੀਂ 5 ਦਿਨਾਂ ਦੇ ਅੰਦਰ 2000 ਲੋਕ ਸੂਬੇ 'ਚ ਪਹੁੰਚਣਗੇ। ਇਸ ਦੌਰਾਨ ਹਵਾਈ ਅੱਡੇ 'ਤੇ ਇਨ੍ਹਾਂ ਯਾਤਰੀਆਂ ਥਰਮਲ ਸਕ੍ਰੀਨਿੰਗ ਤੋਂ ਲੈ ਕੇ ਬਾਅਦ ਵਿਚ ਉਨ੍ਹਾਂ ਦੇ ਕੁਆਰੰਟੀਨ ਤੱਕ ਦੀ ਵਿਵਸਥਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 7 ਮਈ ਤੋਂ 13 ਮਈ ਤੱਕ ਖਾੜੀ ਦੇਸ਼ਾਂ, ਸਿੰਗਾਪੁਰ, ਅਮਰੀਕਾ ਅਤੇ ਬ੍ਰਿਟੇਨ ਵਿੱਚ ਫਸੇ ਨਾਗਰਿਕਾਂ ਲਈ 64 ਜਹਾਜ਼ਾਂ ਦਾ ਸੰਚਾਲਨ ਕਰੇਗੀ।
ਕੋਚੀ ਦੇ ਇੱਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੇ 4 ਪਾਇਲਟਾਂ ਸਣੇ 12 ਏਅਰਲਾਈਨ ਸਟਾਫ ਮੈਂਬਰਾਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਕਿੱਟਾਂ ਸਬੰਧੀ ਸਿਖਲਾਈ ਦਿੱਤੀ ਹੈ। ਯਾਤਰੀਆਂ ਦੀਆਂ ਸੀਟਾਂ 'ਤੇ ਟੇਕ-ਆਫ ਤੋਂ ਪਹਿਲਾਂ 2 ਮਾਸਕ, 100 ਮਿਲੀ ਸੈਨੇਟਾਈਜ਼ਰ, ਇੱਕ ਸਨੈਕ ਬਾਕਸ ਅਤੇ ਪੀਣ ਲਈ ਪਾਣੀ ਪਹਿਲਾਂ ਤੋਂ ਰੱਖਿਆ ਜਾਵੇਗਾ।