ਨਵੀਂ ਦਿੱਲੀ: ਭਾਰਤ ਨੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਸੈਨਿਕਾਂ ਦੁਆਰਾ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਸ਼ਨੀਵਾਰ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ ਅਤੇ ਸਖਤ ਵਿਰੋਧ ਜਤਾਇਆ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਨੇ ਨਿਰਦੋਸ਼ ਨਾਗਰਿਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਲਈ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਸਖਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸ਼ਾਂਤੀ ਭੰਗ ਅਤੇ ਤਿਓਹਾਰਾਂ ਦੌਰਾਨ ਐਲਓਸੀ ਉੱਤੇ ਹਿੰਸਾ ਭੜਕਾਉਣਾ ਨਿੰਦਣਯੋਗ ਹੈ।
ਬਿਆਨ ਵਿੱਚ ਕਿਹਾ ਗਿਆ ਹੈ, ‘ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਦਿ ਅਫੇਅਰਜ਼ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਸੀ। ਪਾਕਿਸਤਾਨ ਦੇ ਜੰਗਬੰਦੀ ਦੀ ਬੇਲੋੜੀ ਉਲੰਘਣਾ ਕਰਨ ਲਈ ਜ਼ਬਰਦਸਤ ਵਿਰੋਧ ਜਤਾਇਆ ਗਿਆ। ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਭਾਰਤ ਨੇ ਵੀ ਸਰਹੱਦ ਪਾਰੋਂ ਅੱਤਵਾਦੀਆਂ ਨੂੰ ਘੁਸਪੈਠ ਕਰਨ ਵਿੱਚ ਪਾਕਿਸਤਾਨ ਦੇ ਜਾਰੀ ਸਹਿਯੋਗ ਦਾ ਸਖ਼ਤ ਵਿਰੋਧ ਕੀਤਾ ਹੈ।
ਪਾਕਿਸਤਾਨੀ ਸੈਨਿਕਾਂ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਅਤੇ ਗੁਰੇਜ਼ ਸੈਕਟਰ ਦੇ ਵਿਚਕਾਰ ਕਈ ਥਾਵਾਂ 'ਤੇ ਕੰਟਰੋਲ ਰੇਖਾ 'ਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ। ਜਿਸ ਨਾਲ ਭਾਰਤ ਦੇ ਪੰਜ ਸੁਰੱਖਿਆ ਕਰਮਚਾਰੀਆਂ ਸਣੇ 11 ਲੋਕਾਂ ਦੀ ਮੌਤ ਹੋ ਗਈ।