ਨਵੀਂ ਦਿੱਲੀ: ਅਕਸ਼ਰਧਾਮ ਮੰਦਰ ਨੇੜੇ ਐਤਵਾਰ ਰਾਤ ਇੱਕ ਚੱਲਦੀ ਕਾਰ 'ਚ ਅਚਾਨਕ ਹੀ ਅੱਗ ਲੱਗ ਗਈ। ਇਸ ਕਾਰਨ ਇੱਕ ਮਹਿਲਾ ਅਤੇ ਉਸ ਦੀਆਂ 2 ਬੱਚੀਆਂ ਦੀ ਮੌਤ ਹੋ ਗਈ। ਮਹਿਲਾ ਦੇ ਪਤੀ ਨੇ ਖ਼ੁਦ ਨੂੰ ਅਤੇ ਆਪਣੀ ਇੱਕ ਧੀ ਨੂੰ ਕਿਸੇ ਤਰ੍ਹਾਂ ਬਚਾ ਲਿਆ।
ਜਾਣਕਾਰੀ ਮੁਤਾਬਕ ਐਤਵਾਰ ਹੋਣ ਕਾਰਨ ਉਪੇਂਦਰ ਸਿੰਘ ਨਾਂਅ ਦਾ ਵਿਅਕਤੀ ਆਪਣੀ ਪਤਨੀ ਅਤੇ 3 ਧੀਆਂ ਨੂੰ ਲੈ ਕੇ ਘੁੰਮਣ ਨਿਕਲਿਆ ਸੀ। ਅਚਾਨਕ ਹੀ ਕਾਰ ਨੂੰ ਅੱਗ ਲੱਗ ਗਈ ਅਤੇ ਉਪੇਂਦਰ ਸਿੰਘ ਨੇ ਗੱਡੀ ਸੜਕ ਕਿਨਾਰੇ ਰੋਕੀ। ਉਸ ਨੇ ਅਗਲੀ ਸੀਟ 'ਤੇ ਬੈਠੀ ਆਪਣੀ ਧੀ ਨੂੰ ਛੇਤੀ ਹੀ ਬਾਹਰ ਕੱਢਿਆ ਅਤੇ ਜਦੋਂ ਉਹ ਗੱਡੀ ਦੀ ਪਿਛਲੀ ਸੀਟ 'ਤੇ ਬੈਠੀ ਆਪਣੀ ਪਤਨੀ ਅਤੇ 2 ਧੀਆਂ ਨੂੰ ਕੱਢਣ ਲੱਗਾ ਤਾਂ ਅੱਗ ਕਾਫ਼ੀ ਭਿਆਨਕ ਰੂਪ ਲੈ ਚੁੱਕੀ ਸੀ। ਵੇਖਦੇ ਹੀ ਵੇਖਦੇ ਗੱਡੀ ਕੁੱਝ ਮਿੰਟਾਂ 'ਚ ਹੀ ਸੜ੍ਹ ਕੇ ਸਵਾਹ ਹੋ ਗਈ। ਉਪੇਂਦਰ ਸਿੰਘ ਨੇ ਖ਼ੁਦ ਨੂੰ ਅਤੇ ਆਪਣੀ ਇੱਕ ਧੀ ਨੂੰ ਤਾਂ ਬਚਾ ਲਿਆ ਪਰ ਉਹ ਆਪਣੀ ਪਤਨੀ ਅਤੇ 2 ਧੀਆਂ ਨੂੰ ਨਹੀਂ ਬਚਾ ਸਕਿਆ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਅੱਗ ਬੁਝਾਉ ਦਸਤਾ ਮੌਕੇ 'ਤੇ ਪੁੱਜੇ। ਲੋਕਾਂ ਨੇ ਆਪਣੀਆਂ ਅੱਖਾਂ ਸਾਹਮਣੇ ਮਹਿਲਾ ਅਤੇ ਉਸ ਦੀਆਂ ਧੀਆਂ ਨੂੰ ਸੜਦਿਆਂ ਵੇਖਿਆ। ਕਾਰ ਦੀ ਜਾਂਚ ਲਈ ਮਕੈਨੀਕਲ ਟੀਮ ਨੂੰ ਬੁਲਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਾਇਦ ਅੱਗ ਸੀਐੱਨਜੀ ਲੀਕ ਹੋਣ ਕਾਰਨ ਲੱਗੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਇਸ ਦੇ ਕਾਰਨਾ ਦਾ ਪਤਾ ਲੱਗੇਗਾ।