ਨਵੀਂ ਦਿੱਲੀ: ਕਾਂਗਰਸ ਨੇ ਪੀਐਮ ਕੇਅਰਜ਼ ਫੰਡ 'ਤੇ ਸਵਾਲ ਉਠਾਉਣ ਲਈ ਕਰਨਾਟਕ ਵਿੱਚ ਸੋਨੀਆ ਗਾਂਧੀ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਦੀ ਇਹ ਤਾਨਾਸ਼ਾਹੀ ਮਾਨਸਿਕਤਾ ਪਾਰਦਰਸ਼ਤਾ ਨੂੰ ਧਮਕਾਉਣ ਦੀ ਕੋਸ਼ਿਸ਼ ਹੈ।
ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਇੱਕ ਬਿਆਨ ਵਿੱਚ ਕਿਹਾ, "ਪ੍ਰਧਾਨ ਮੰਤਰੀ ਕੇਅਰਜ਼ ਫੰਡ 'ਤੇ ਸਵਾਲ ਉਠਾਉਣ ਲਈ ਸ਼ਿਵਮੋਗਾ ਕਰਨਾਟਕ ਵਿੱਚ ਸੋਨੀਆ ਗਾਂਧੀ ਖ਼ਿਲਾਫ਼ ਐਫਆਈਆਰ ਦਰਜ ਕਰਨਾ ਭਾਜਪਾ ਦੀ ਤਾਨਾਸ਼ਾਹੀ ਮਾਨਸਿਕਤਾ ਨੂੰ ਦਰਸਾਉਂਦਾ ਹੈ।"
ਸ਼ੇਰਗਿੱਲ ਨੇ ਕਿਹਾ, "ਇਹ ਪਾਰਦਰਸ਼ਿਤਾ ਨੂੰ ਖਤਰੇ ਵਿੱਚ ਪਾਉਣ, ਜਵਾਬ ਦੇਣ ਤੋਂ ਬਚਾਉਣ ਦੀ ਕੋਸ਼ਿਸ਼ ਹੈ ਅਤੇ ਇਹ ਫੰਡ ਦੇ ਆਡਿਟ 'ਤੇ ਭਾਜਪਾ ਦੀ ਘਬਰਾਹਟ ਦਾ ਪਰਦਾਫਾਸ਼ ਕਰਦਾ ਹੈ।"
ਦੱਸਣਯੋਗ ਹੈ ਕਿ ਪੀਐਮ ਕੇਅਰਜ਼ ਫੰਡ ਬਾਰੇ ਕਾਂਗਰਸ ਪਾਰਟੀ ਦੇ ਇੱਕ ਟਵੀਟ ਨੂੰ ਲੈ ਕੇ ਕਰਨਾਟਕ ਦੇ ਸ਼ਿਵਮੋਗਾ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਪ੍ਰਵੀਨ ਕੇਵੀ ਨਾਂਅ ਦੇ ਵਿਅਕਤੀ ਵੱਲੋਂ ਦਰਜ ਕਰਵਾਈ ਗਈ ਹੈ।
ਕਾਂਗਰਸ ਪਾਰਟੀ ਵੱਲੋਂ ਇਹ ਟਵੀਟ 11 ਮਈ ਨੂੰ ਕੀਤੇ ਗਏ ਸਨ। ਐਫਆਈਆਰ 'ਚ ਸੋਨੀਆ ਗਾਂਧੀ ਨੂੰ ਸੋਸ਼ਲ ਮੀਡੀਆ ਅਕਾਊਂਟ ਦੀ ਸੰਚਾਲਕ ਦੱਸਿਆ ਗਿਆ ਹੈ। ਟਵੀਟ 'ਚ ਕਿਹਾ ਗਿਆ ਹੈ, "ਭਾਜਪਾ ਦੀ ਹਰ ਯੋਜਨਾ ਦੀ ਤਰ੍ਹਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਗੁਪਤਤਾ ਬਣਾਈ ਰੱਖੀ ਜਾ ਰਹੀ ਹੈ। ਕੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ਨੂੰ ਦਾਨ ਕਰਨ ਵਾਲੇ ਦੇਸ਼ ਵਾਸੀਆਂ ਨੂੰ ਇਸ ਦੀ ਵਰਤੋਂ ਬਾਰੇ ਨਹੀਂ ਪਤਾ ਹੋਣਾ ਚਾਹੀਦਾ?"
ਇੱਕ ਹੋਰ ਟਵੀਟ ਵਿੱਚ ਲਿਖਿਆ ਗਿਆ ਹੈ, "ਪ੍ਰਧਾਨ ਮੰਤਰੀ ਕੇਅਰਜ਼ ਦੇ ਨਾਂਅ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਇਹ ਫੰਡ ਪ੍ਰਧਾਨ ਮੰਤਰੀ ਦੀ ਦੇਖਭਾਲ ਲਈ ਬਣਾਇਆ ਗਿਆ ਹੈ, ਨਾ ਕਿ ਜਨਤਾ ਦੀ। ਜੇ ਭਾਜਪਾ ਸਰਕਾਰ 'ਚ ਲੋਕਾਂ ਦੀ ਦੇਖਭਾਲ ਕਰਨ ਦੀ ਇੱਛਾ ਹੁੰਦੀ ਤਾਂ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਲੰਮੇ ਕਾਫਲੇ ਨਾ ਹੁੰਦੇ।"