ਫਰੀਦਾਬਾਦ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫ਼ਰੀਦਾਬਾਦ ਵਿਖੇ ਕੱਢੇ ਗਏ ਨਗਰ ਕੀਰਤਨ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਜਗਤਾਰ ਸਿੰਘ ਹਵਾਰਾ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਬੈਨਰਾਂ ਵਾਲੀ ਝਾਂਕੀ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਇਸ ਮਾਮਲੇ 'ਤੇ ਕਿਹਾ ਕਿ ਉਨ੍ਹਾਂ ਨੂੰ ਇਸ ਝਾਂਕੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਝਾਂਕੀ ਲੈ ਕੇ ਆਏ ਲੋਕਾਂ ਬਾਰੇ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੇ ਉਦੇਸ਼ਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਦੱਸ ਦਈਏ ਕਿ ਇਸ ਝਾਂਕੀ ਵਿੱਚ ਇੱਕ ਖੁੱਲ੍ਹੀ ਬਾਡੀ ਵਾਲੇ ਟਰੱਕ ਨੂੰ ਜੇਲ੍ਹ ਦਾ ਦ੍ਰਿਸ਼ ਦੇ ਕੇ ਉਸ ਵਿੱਚ ਕੁੱਝ ਲੋਕਾਂ ਨੂੰ ਕੈਦੀ ਵਜੋਂ ਦਰਸਾਇਆ ਗਿਆ ਸੀ। ਝਾਂਕੀ ਦੇ ਬਾਹਰ ਕੱਢੇ ਜਾਣ ਤੋਂ ਬਾਅਦ ਫਰੀਦਾਬਾਦ ਪੁਲਿਸ ਹਰਕਤ ਵਿੱਚ ਆ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜਦੋਂ ਪ੍ਰਬੰਧਕਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਝਾਂਕੀ ਗੁਰਦੁਆਰਾ ਕਮੇਟੀ ਵੱਲੋਂ ਸ਼ਾਮਿਲ ਨਹੀਂ ਕੀਤੀ ਗਈ ਸੀ।
ਇਹ ਵੀ ਪੜ੍ਹੋ: ਪਾਕਿ 'ਚ ਵੱਸਦੇ ਹਿੰਦੂ-ਸਿੱਖਾਂ ਲਈ ਸਿਰਸਾ ਨੇ ਪੀਐੱਮ ਮੋਦੀ ਨੂੰ ਕੀਤੀ ਦਖ਼ਲ ਦੇਣ ਦੀ ਅਪੀਲ
ਪ੍ਰਬੰਧਕਾਂ ਨੇ ਦੱਸਿਆ ਕਿ ਉਹ ਨਹੀਂ ਜਾਣਦੇ ਸੀ ਕਿ ਝਾਂਕੀ ਕੀਰਤਨ ਵਿੱਚ ਕਿਵੇਂ ਸ਼ਾਮਲ ਹੋਈ ਅਤੇ ਕਮੇਟੀ ਵੱਲੋਂ ਇਸ ਲਈ ਕਿਸੇ ਵੀ ਤਰ੍ਹਾਂ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਸ ਤੋਂ ਬਾਅਦ ਕਮੇਟੀ ਮੈਂਬਰਾ ਨੇ ਝਾਂਕੀ ਕੱਢਣ ਵਾਲੇ ਲੋਕਾਂ ਨੂੰ ਇਸ ਝਾਂਕੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੋਈ ਗੜਬੜ ਨਹੀਂ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਝਾਂਕੀ ਨੂੰ ਇਸ ਲਈ ਨਹੀਂ ਰੋਕਿਆ ਤਾਂ ਜੋ ਨਗਰ ਕੀਤਰਨ ਵਿੱਚ ਕੋਈ ਗੜਬੜ ਨਾ ਹੋਵੇ।
ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਝਾਂਕੀ ਲੈ ਕੇ ਆਏ ਲੋਕ ਕੌਣ ਸਨ ਅਤੇ ਕਿੱਥੋਂ ਆਏ ਸਨ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।