ਨਵੀਂ ਦਿੱਲੀ: ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਭਰਾ ਸ਼ਵਿੰਦਰ ਸਿੰਘ ਨੂੰ ਸੁਪਰੀਮ ਕੋਰਟ ਨੇ ਅਵਮਾਨਨਾ ਦਾ ਦੋਸ਼ੀ ਠਹਿਰਾਇਆ ਹੈ। ਕੋਰਟ ਦੇ ਮੁਤਾਬਕ ਸਿੰਘ ਭਰਾਵਾਂ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਵਿੱਚ ਆਪਣੇ ਸ਼ੇਅਰ ਨਾ ਵੇਚਣ ਦੇ ਸੁਪਰੀਮ ਕੋਰਟ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ।
ਦੱਸਦਈਏ ਕਿ ਵੀਰਵਾਰ ਨੂੰ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਠਗੀ ਦੇ ਆਰੋਪ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਰੇਲੀਗੇਅਰ ਐਂਟਰਪ੍ਰਾਈਜ਼ਜ਼ ਦੇ ਸਾਬਕਾ ਸੀਐਮਡੀ ਸੁਨੀਲ ਗੋਧਵਾਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਸ਼ਿਵਇੰਦਰ ਸਿੰਘ ਤੇ ਮਾਲਵਿੰਦਰ ਸਿੰਘ ਨੂੰ 330 ਮਿਲੀਅਨ ਡਾਲਰ ਦੀ ਵਿੱਤੀ ਗੜਬੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸ਼ਿਵਇੰਦਰ ਤੇ ਮਾਲਵਿੰਦਰ ਸਿੰਘ ਭਾਰਤ ਦੀ ਦਵਾਈਆਂ ਦੀ ਵੱਡੀ ਕੰਪਨੀ ਰੈਨਬੈਕਸੀ ਦੇ ਸਾਬਕਾ ਮਾਲਕ ਹਨ। ਦੋਵਾਂ ਭਰਾਵਾਂ ਦੀ ਫੋਰਟਿਸ ਨਾਂ ਦੇ ਹਸਪਤਾਲਾਂ ਦੀ ਲੜੀ ਵੀ ਹੈ। ਇਨ੍ਹਾਂ ਦੋਵਾਂ ਉੱਤੇ ਠੱਗੀ, ਅਪਰਾਧਿਕ ਸਾਜ਼ਿਸ ਅਤੇ ਧੋਖਾਧੜੀ ਦੇ ਇਲਜ਼ਾਮ ਹਨ। ਵਿੱਤੀ ਸੇਵਾ ਕੰਪਨੀ ਰੈਲੀਗੇਅਰ ਫਿਨਵੈਸਟ ਨੇ ਦੋਵਾਂ ਭਰਾਵਾਂ ਖ਼ਿਲਾਫ਼ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਈਡੀ ਦੇ ਵਕੀਲ ਨੇ ਅਦਾਲਤ ਨੂੰ ਦੋਸ਼ੀਆਂ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਅਪੀਲ ਕੀਤੀ ਸੀ।