ਖੰਨਾ: ਇੱਕ ਪਾਸੇ ਪਾਕਿਸਤਾਨ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਦਾ ਹੈ ਦੂਜੇ ਪਾਸੇ ਹੁਣ ਉਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਵਿਧਾਇਕ ਰਹਿ ਚੁੱਕੇ ਬਲਦੇਵ ਕੁਮਾਰ ਪਾਕਿਸਤਾਨ ਛੱਡ ਕੇ ਭਾਰਤ ਆ ਗਏ ਹਨ ਅਤੇ ਇਸ ਗੱਲ ਦਾ ਖੁਲਾਸਾ ਹੈ ਕਿ ਕਿਵੇਂ ਪਾਕਿਸਤਾਨ ਵਿੱਚ ਘੱਟ ਗਿਣਤੀ ਲੋਕਾਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ।
ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਹਿੰਦੂ-ਸਿੱਖ ਸੁਰੱਖਿਅਤ ਨਹੀਂ ਹਨ। ਉੱਥੇ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਕਤਲ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਮਰਾਨ ਖਾਨ ਉੱਥੋਂ ਦਾ ਪ੍ਰਧਾਨ ਮੰਤਰੀ ਬਣਿਆ ਹੈ ਉਦੋਂ ਤੋਂ ਘੱਟ ਗਿਣਤੀ ਲੋਕਾਂ ਤੇ ਜ਼ੁਲਮ ਵੱਧ ਗਏ ਹਨ।
ਬਲਦੇਵ ਕੁਮਾਰ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਖੰਨਾ ਵਿੱਚ ਭੇਜ ਦਿੱਤਾ ਸੀ ਅਤੇ ਆਪ 12 ਅਗਸਤ ਨੂੰ ਇੱਥੇ ਖੁਦ ਵੀਜ਼ਾ ਲੈ ਕੇ ਆ ਗਏ ਸਨ। ਪਰ ਉਹ ਹੁਣ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਦੇ ਉਤੇ ਅੱਤਿਆਚਾਰ ਹੋ ਰਹੇ ਹਨ। ਹਿੰਦੂ ਅਤੇ ਸਿੱਖ ਨੇਤਾਵਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ।
ਬਲਦੇਵ ਕੁਮਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੂਰੀ ਤਰ੍ਹਾਂ ਫੇਲ ਦੱਸਦੇ ਹੋਏ ਕਿਹਾ ਹੈ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ। ਉਨ੍ਹਾਂ ਦੇ ਮੁਕਾਬਲੇ ਮੋਦੀ ਬੱਬਰ ਸ਼ੇਰ ਹੈ। ਬਦਲੇਵ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਣ ਦਿੱਤੀ ਜਾਵੇ ਕਿਉਂਕਿ ਪਾਕਿਸਤਾਨ ਵਿੱਚ ਉਹ ਇਕੱਲਾ ਹੀ ਨਹੀਂ ਹੋਰ ਵੀ ਕਈ ਹਿੰਦੂ-ਸਿੱਖ ਪਰੇਸ਼ਾਨ ਹਨ ਅਤੇ ਉੱਥੋਂ ਦੋ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ।
ਦੱਸਣਯੋਗ ਹੈ ਕਿ ਬਦਲੇਵ ਕੁਮਾਰ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਦੇ ਬਾਰੀਕੋਟ ਤੋਂ ਵਿਧਾਇਕ ਰਹੇ ਹਨ। ਇਸ ਸਮੇਂ ਉਹ ਪੰਜਾਬ ਦੇ ਖੰਨਾ ਵਿੱਚ ਹਨ ਅਤੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਤੋਂ ਜਾਨ ਬਚਾ ਕੇ ਭਾਰਤ ਆ ਗਏ ਹਨ।