ਨਵੀਂ ਦਿੱਲੀ: ਕੋਰੋਨਾ ਦੇ ਕਾਰਨ ਕੌਮੀ ਰਾਜਧਾਨੀ ਵਿੱਚ ਵਿਗੜੇ ਹਲਾਤ ਅਤੇ ਲੋਕਾਂ ਦੇ ਹਿੱਤ ਵਿੱਚ ਸਿਹਤ ਪ੍ਰਬੰਧ ਨੂੰ ਬਹਿਤਰ ਬਣਾਉਣ ਲਈ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਬ ਦਲੀ ਬੈਠਕ ਬੁਲਾਈ ਸੀ। ਤਰਕੀਬਨ ਇੱਕ ਘੰਟੇ ਤੋਂ ਵੱਧ ਚੱਲੀ ਇਸ ਬੈਠਕ ਵਿੱਚ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਬਸਪਾ ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ, ਜਰਨਲ ਸਕੱਤਰ ਪੰਕਜ ਗੁਪਤਾ, ਕਾਂਗਰਸ ਦੇ ਸੂਬਾ ਪ੍ਰਧਾਨ ਅਨਿਲ ਚੌਧਰੀ ਅਤੇ ਭਾਜਪਾ ਦੀ ਤਰਫੋਂ ਸੂਬਾ ਪ੍ਰਧਾਨ ਆਦੇਸ਼ ਗੁਪਤਾ ਅਤੇ ਜਥੇਬੰਦਕ ਸਕੱਤਰ ਸਿਧਾਰਥ ਆਦਿ ਸ਼ਾਮਲ ਹੋਏ।
ਇਸ ਮੀਟਿੰਗ ਵਿੱਚ ਅਹਿਮ ਤੌਰ 'ਤੇ ਗ੍ਰਹਿ ਮੰਤਰੀ ਨੇ ਕੋਰੋਨਾ ਨਾਲ ਨਜਿੱਠਣ ਲਈ ਆਪਣੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ। ਭਾਜਪਾ ਦੇ ਦਿੱਲੀ ਇਕਾਈ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਮੀਟਿੰਗ ਵਿੱਚ ਮੰਗ ਕੀਤੀ ਕਿ ਕੋਰੋਨਾ ਟੈਸਟ ਦੀ ਮੌਜੂਦਾ ਫੀਸ ਨੂੰ ਘੱਟ ਕੀਤਾ ਜਾਵੇ।
ਦਿੱਲੀ 'ਚ ਕੋਰੋਨਾ ਟੈਸਟਾਂ ਨੂੰ ਵਧਾਇਆ ਜਾਵੇਗਾ
ਮੀਟਿੰਗ ਦੌਰਾਨ ਅਮਿਤ ਸ਼ਾਹ ਨੇ ਹੁਕਮ ਦਿੱਤੇ ਕਿ ਕੌਮੀ ਰਾਜਧਾਨੀ ਵਿੱਚ ਪ੍ਰਤੀ ਦਿਨ ਕੋਰੋਨਾ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 20 ਜੂਨ ਤੋਂ ਦਿੱਲੀ ਵਿੱਚ ਪ੍ਰਤੀ ਦਿਨ 18 ਹਜ਼ਾਰ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇ।
'ਦਿੱਲੀ ਸਰਕਾਰ ਆਪਣੇ ਪੱਧਰ 'ਤੇ ਵਧੀਆ ਕੰਮ ਕਰ ਰਹੀ ਹੈ'
ਆਮ ਆਦਮੀ ਪਾਰਟੀ ਦੇ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਲੌਕਡਾਊਨ ਦੌਰਾਨ ਮਜ਼ਦੂਰਾਂ ਦੀ ਘਰ ਵਾਪਸੀ ਅਤੇ ਦਿੱਲੀ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਰਕਾਰ ਅਤੇ ਪਾਰਟੀ ਨੇ ਕੀ ਕੀਤਾ ਹੈ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਸੰਭਵ ਹੈ ਕਿ ਦਿੱਲੀ ਸਰਕਾਰ ਆਪਣੇ ਪੱਧਰ ਵਧੀਆ ਕੰਮ ਕਰ ਰਹੀ ਹੈ।
ਆਪ ਆਗੂ ਨੇ ਬੈਠਕ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ ਹਸਪਤਾਲਾਂ ਵਿੱਚ 1920 ਅਤੇ ਕੇਂਦਰ ਸਰਕਾਰ ਨੇ ਹਸਪਤਾਲਾਂ ਵਿੱਚ 2008 ਬੈੱਡ ਵਧਾਉਣਾ ਦਾ ਮਤਾ ਆਇਆ ਹੈ। ਨਿੱਜੀ ਹਸਪਤਾਲਾਂ ਵਿੱਚ 1178 ਬੈੱਡ ਵਧਾਏ ਜਾਣਗੇ। 500 ਰੇਲ ਡੱਬਿਆਂ ਨੂੰ 8000 ਬੈੱਡ ਆਉਣ ਵਾਲੇ ਦਿਨਾਂ ਵਿੱਚ ਤਬਦੀਲ ਕੀਤੇ ਜਾਣਗੇ।
ਕਾਂਗਰਸ ਨੇ ਕੀਤੀ ਆਰਥਿਕ ਮਦਦ ਦੀ ਮੰਗ
ਕਾਂਗਰਸ ਸੂਬਾ ਪ੍ਰਧਾਨ ਅਨਿਲ ਚੌਧਰੀ ਨੇ ਕੇਂਦਰ ਤੋਂ ਆਰਥਿਕ ਮਦਦ ਦਿੱਤੇ ਜਾਣ ਦੀ ਮੰਗ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤ ਹਰ ਮਰੀਜ਼ ਨੂੰ ਘੱਟੋ-ਘੱਟ 10000 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇ। ਦਿੱਲੀ ਵਿੱਚ ਕੰਟੇਨਮੈਂਟ ਜੋਨਾਂ ਵਿੱਚ ਬੰਦ ਲੋਕਾਂ ਲਈ ਵੀ ਉਨ੍ਹਾਂ ਆਰਥਿਕ ਮਦਦ ਦੀ ਮੰਗ ਕੀਤੀ।
ਗ੍ਰਹਿ ਵਿਭਾਗ ਨੇ ਗਠਤ ਕੀਤੀ ਇੱਕ ਕਮੇਟੀ
ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਕਿਹਾ ਕਿ ਇਹ ਵੇਲਾ ਸਿਆਸਤ ਕਰਨ ਦਾ ਨਹੀਂ ਹੈ। ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਾਇਰਸ ਦੇ ਫੈਲਾਅ ਨੂੰ ਰੋਕਣ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਅਤੇ ਲੈਬਾਂ ਦੀ ਮਨਮਰਜ਼ੀ ਨੂੰ ਰੋਕਣ ਇੱਕ ਕਮੇਟੀ ਗਠਤ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕਮੇਟੀ 2 ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪੇਗੀ।
ਦਿੱਲੀ 'ਚ ਕੇਂਦਰ ਨੇ ਕਮਾਨ ਆਪਣੇ ਹੱਥ 'ਚ ਲਈ
ਇੱਥੇ ਦੱਸ ਦਈਏ ਕਿ ਕੋਰੋਨਾ ਦੇ ਮਾਮਲੇ ਵੱਧਣ ਦੇ ਕਾਰਨ ਹੁਣ ਕੇਂਦਰ ਸਰਕਾਰ ਨੇ ਕਮਾਨ ਆਪਣੇ ਹੱਥ ਵਿੱਚ ਲੈ ਲਈ ਹੈ। ਇਸ ਤੋਂ ਪਹਿਲਾ ਕੇਂਦਰੀ ਗ੍ਰਿਹ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ-ਰਾਜਪਾਲ ਅਨਿਲ ਬੈਜਲ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਬੈਠਕ ਕੀਤੀ ਸੀ।