ਬਾਗਪਤ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਦੇ ਲਈ ਸਰਕਾਰਾਂ ਦੇ ਯਤਨਾਂ 'ਤੇ ਕੁੱਝ ਲੋਕ ਪਾਣੀ ਤਾਂ ਫੇਰ ਹੀ ਰਹੇ ਨੇ ਨਾਲ ਹੀ ਸਮਾਜ ਲਈ ਵੀ ਖ਼ਤਰਾ ਬਣ ਰਹੇ ਹਨ।
ਤਾਜ਼ਾ ਮਾਮਲਾ ਸਾਹਮਣੇ ਆਇਆ ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਜਿੱਥੋਂ ਇੱਕ ਕੋਰੋਨਾ ਪੌਜ਼ੀਟਿਵ ਨੇਪਾਲ ਤੋਂ ਆਇਆ ਜਮਾਤੀ ਫ਼ਰਾਰ ਹੋ ਗਿਆ ਸੀ ਜਿਸ ਨੂੰ ਹੁਣ ਉੱਤਰ ਪ੍ਰਦੇਸ਼ ਪੁਲਿਸ ਨੇ ਕਾਬੂ ਕਰ ਲਿਆ ਹੈ। ਇਹ ਜਮਾਤੀ ਦੇਰ ਰਾਤ ਆਈਸੋਲੇਸ਼ਨ ਵਾਰਡ ਦਾ ਦਰਵਾਜ਼ਾ ਤੋੜ ਕੇ ਫ਼ਰਾਰ ਹੋ ਗਿਆ ਸੀ। ਜਮਾਤੀ ਦੇ ਫਰਾਰ ਹੋਣ ਮਗਰੋਂ ਬਾਗਪਤ ਤੇ ਆਲੇ-ਦੁਆਲੇ ਦੇ ਖੇਤਰਾਂ 'ਚ ਉਸ ਦੀ ਤਲਾਸ਼ ਜ਼ੋਰਾਂ ਨਾਲ ਕੀਤੀ ਗਈ।
ਦੱਸਣਯੋਗ ਹੈ ਕਿ ਨਿਜ਼ਾਮੂਦੀਨ ਮਰਕਜ਼ ਤੋਂ 19 ਮਾਰਚ ਨੂੰ ਇੱਕ ਪਿੰਡ ਦੀ ਮਸਜਿਦ 'ਚ ਆਏ 17 ਨੇਪਾਲੀ ਜਮਾਤੀ ਫੜੇ ਗਏ ਸਨ। ਇਨ੍ਹਾਂ ਸਾਰਿਆਂ ਨੂੰ ਬਾਲੈਨੀ 'ਚ ਆਈਸੋਲੇਟ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਮਿਲਣ 'ਤੇ ਬੀਤੇ ਬੁੱਧਵਾਰ ਰਾਤ ਸੀਐੱਚਸੀ ਦੇ ਕੋਰੋਨਾ ਵਾਰਡ 'ਚ ਭਰਤੀ ਕਰਵਾਇਆ ਸੀ। 2 ਦਿਨਾਂ ਤੋਂ ਸੰਕ੍ਰਮਿਤ ਵਿਅਕਤੀ ਦੀ ਹਾਲਤ 'ਚ ਸੁਧਾਰ ਸੀ।