ਜੈਪੁਰ: ਬੀਕਾਨੇਰ 'ਚ ਕਥਿਤ ਜ਼ਮੀਨ ਘਪਲੇ ਨਾਲ ਜੁੜੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਮੁੜ ਜਵਾਬ ਤਲਬ ਕੀਤਾ ਹੈ। ਇਸ ਤੋਂ ਇਲਾਵਾ ਈਡੀ ਵੱਲੋਂ ਵਾਡਰਾ ਕੋਲੋਂ ਵਿਦੇਸ਼ਾਂ ਵਿੱਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ।
ਈਡੀ ਨੇ ਵਾਡਰਾ ਨੂੰ ਵੀਰਵਾਰ ਨੂੰ ਤਲਬ ਕੀਤਾ ਹੈ। ਈਡੀ ਵੱਲੋਂ ਵਾਡਰਾ ਦੀ ਵਿਦੇਸ਼ਾਂ ਵਿੱਚ ਜਾਇਦਾਦ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਦੁਬਈ ਦੇ ਜੁਮੇਰਾਹ ਵਿੱਚ 14 ਕਰੋੜ ਜਾ ਵਿਲਾ ਅਤੇ ਲੰਡਨ ਦੇ ਬ੍ਰਾਇਨਸਟਨ ਸਕੁਏਅਰ ਵਿੱਚ ਇੱਕ ਫ਼ਲੈਟ ਸ਼ਾਮਲ ਹਨ। ਸੂਤਰਾਂ ਮੁਤਾਬਕ ਜਾਂਚ ਲਈ ਵਾਡਰਾ ਦੀ ਕਸਟਡੀ ਬਹੁਤ ਅਹਿਮ ਹੈ ਜਿਸ ਤੋਂ ਬਾਅਦ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ ਅਤੇ ਟ੍ਰਾਇਲ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਤੇ ਜਾਇਦਾਦ ਦੇ ਮਾਮਲੇ ਵਿੱਚ ਈਡੀ ਵੱਲੋਂ ਰਾਬਰਟ ਕੋਲੋਂ ਕਈ ਨਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਈਡੀ ਨੇ ਵਾਡਰਾ ਤੋਂ ਕਰੀਬ 9 ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ।