ਮੁਬੰਈ: ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਬੀਜੇਪੀ ਅਤੇ ਸ਼ਿਵ ਸੈਨਾ ਵਿਚਕਾਰ ਚੱਲ ਰਹੀ ਗੱਲਬਾਤ ਦੌਰਾਨ ਅੱਜ ਸ਼ਿਵਸੈਨਾ ਵਿਧਾਇਕ ਦਲ ਦੀ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਏਕਨਾਥ ਸ਼ਿੰਦੇ ਨੂੰ ਵਿਧਾਨਸਭਾ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।
ਪਹਿਲਾਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਵਰਲੀ ਤੋਂ ਚੋਣ ਜਿੱਤੇ ਆਦਿਤਿਆ ਠਾਕਰੇ ਨੂੰ ਇਹ ਅਹੁਦਾ ਮਿਲ ਸਕਦਾ ਹੈ। ਵਿਧਾਇਕ ਦਲ ਦੇ ਨੇਤਾ ਲਈ ਆਦਿਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਦੇ ਨਾਮ ਦਾ ਪ੍ਰਸਤਾਵ ਰੱਖਿਆ ਸੀ। ਪਾਰਟੀ ਨੇ ਸੁਨੀਲ ਪ੍ਰਭੂ ਨੂੰ ਵਿਧਾਨ ਸਭਾ ਵਿੱਚ ਮੁੱਖ ਵ੍ਹਿਪ ਚੁਣਿਆ ਹੈ। ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ, "ਅਸੀਂ ਆਪਣੀ ਮੰਗ ਤੋਂ ਪਿੱਛੇ ਨਹੀਂ ਹਟੇ, ਪਰ ਸਾਡੇ ਦੋਸਤ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਗਏ ਹਨ।" ਚੋਣ ਤੋਂ ਪਹਿਲਾਂ, 50-50 ਦੇ ਫਾਰਮੂਲੇ 'ਤੇ ਗੱਲ ਹੋਈ ਸੀ।
ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਸ਼ਿਵਸੇਨਾ ਦੇ ਐਮਐਲਏ ਰਾਜਪਾਲ ਨੂੰ ਮਿਲਣ ਜਾਣਗੇ। ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਉਹ ਸੋਕੇ ਦੇ ਮੁੱਦੇ 'ਤੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਰਾਜਪਾਲ ਨੂੰ ਮਿਲਣ ਵਾਲੇ ਨੇਤਾਵਾਂ ਵਿੱਚ ਆਦਿਤਿਆ ਠਾਕਰੇ, ਏਕਨਾਥ ਸ਼ਿੰਦੇ, ਦਿਵਾਕਰ ਰਾਉਤੇ, ਸੁਭਾਸ਼ ਦੇਸਾਈ ਅਤੇ ਹੋਰ ਨਵੇਂ ਵਿਧਾਇਕ ਸ਼ਾਮਲ ਹਨ।
ਮਹਾਰਾਸ਼ਟਰ ਵਿੱਚ ਹੋਈਆਂ ਚੋਣਾਂ ਵਿੱਚ ਭਾਜਪਾ ਨੂੰ 105, ਸ਼ਿਵਸੇਨਾ ਨੂੰ 56 ਵਿਧਾਇਕ ਮਿਲੇ ਹਨ। ਹਾਲਾਂਕਿ, ਚੋਣਾਂ ਤੋਂ ਬਾਅਦ ਦੋਵੇਂ ਪਾਰਟੀਆਂ ਆਪਣੇ-ਆਪਣੇ ਪੱਧਰ 'ਤੇ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਲੈਣ ਵਿੱਚ ਜੁਟੀਆਂ ਹੋਈਆਂ ਹਨ। ਫਿਲਹਾਲ ਭਾਜਪਾ 15 ਆਜ਼ਾਦ ਉਮੀਦਵਾਰਾਂ ਅਤੇ ਸ਼ਿਵ ਸੇਨਾ 7 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕਰ ਰਹੀ ਹੈ।