ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਦੀ 329.66 ਕਰੋੜ ਦੀ ਸੰਪਤੀ ਜ਼ਬਤ ਕਰ ਲਈ ਹੈ। ਪੀਐਨਬੀ ਬੈਂਕ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਦੇ ਮੁੰਬਈ ਵਿੱਚ 4 ਫਲੈਟ, ਅਲੀਬਾਗ਼ ਵਿੱਚ ਫ਼ਾਰਮ ਹਾਊਸ, ਲੰਦਨ ਅਤੇ ਦੁਬਈ ਵਿੱਚ ਫਲੈਟ ਅਚੇ ਜੈਸਲਮੇਰ ਵਿੱਚ ਵਿੰਡਮਿਲ ਜ਼ਬਤ ਕਰ ਲਈ ਗਈ ਹੈ।
ਜੂਨ ਵਿੱਚ ਮੁੰਬਈ ਅਦਾਲਤ ਨੇ 1396 ਕਰੋੜ ਦੀ ਸੰਪਤੀ ਨੂੰ ਜ਼ਬਤ ਕਰਨ ਦਾ ਆਦੇਸ਼ ਦਿੱਤਾ ਸੀ ਜਿਸ ਨੂੰ ਕਬਜ਼ੇ ਹੇਠ ਕਰਨ ਦੀ ਕਾਰਵਾਈ ਅਜੇ ਚੱਲ ਰਹੀ ਹੈ।
ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ 8 ਜੂਨ ਨੂੰ ਜਾਇਦਾਦ ਨੂੰ ਜ਼ਬਤ ਕਰਨ ਲਈ ਇੱਕ ਏਜੰਸੀ ਨੂੰ ਅਧਿਕਾਰਤ ਕੀਤਾ ਸੀ। ਨੀਰਵ ਨੂੰ ਪਿਛਲੇ ਸਾਲ 5 ਦਸੰਬਰ ਨੂੰ ਇਸ ਅਦਾਲਤ ਨੇ ਹੀ ਭਗੌੜਾ ਕਰਾਰ ਦਿੱਤਾ ਸੀ।
ਜ਼ਿਕਰ ਕਰ ਦਈਏ ਕਿ ਪਿਛਲੇ ਮਹੀਨੇ ਈਡੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਕਰੀਬ 1350 ਕਰੋੜ ਰੁਪਏ ਦੀ ਲਾਗਤ ਦੇ 2300 ਕਿੱਲੋ ਪਾਲਿਸ਼ ਡਾਇੰਮਡ, ਹੀਰੇ ਅਤੇ ਜਵਾਹਰਾਤ ਲੈ ਕੇ ਭਾਰਤ ਆਇਆ ਹੈ। ਨੀਰਵ ਮੋਦੀ ਅਤੇ ਚੌਕਸੀ ਨੇ ਜਾਂਚ ਦੌਰਾਨ ਇਨ੍ਹਾਂ ਜਵਾਹਰਾਤ ਨੂੰ ਹਾਂਗਕਾਂਗ ਭੇਜ ਦਿੱਤਾ ਸੀ ਜਿੱਥੋਂ ਇਨ੍ਹਾਂ ਨੂੰ ਵਾਪਸ ਭਾਰਤ ਲਿਆਂਦਾ ਗਿਆ।