ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੇ ਲੋਕਾਂ ਦੇ ਮਨ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਜਿਹੇ ਵਿੱਚ ਸਰਕਾਰ ਦੇ ਨਾਲ-ਨਾਲ ਰਾਜਨੀਤਕ ਦਲ ਅਤੇ ਸਮਾਜਸੇਵੀ ਸੰਸਥਾਵਾਂ ਵੀ ਆਪਣੇ ਵੱਲੋਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤਾਂ ਨੂੰ ਮੁਫ਼ਤ ਵਿੱਚ ਮਾਸਕ ਵੰਡੇ ਗਏ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਦੁਆਰੇ ਵਿੱਚ ਅਜਿਹੀ ਬਿਮਾਰੀ ਨਾ ਹੋਵੇ, ਇਸ ਲਈ ਮਾਸਕ ਵੰਡੇ ਗਏ ਹਨ। ਉਨ੍ਹਾਂ ਨੇ ਸਾਰਿਆਂ ਨੂੰ ਵਾਰੀ-ਵਾਰੀ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ ਚਾਹੀਦੇ ਹਨ ਤੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਹਜ਼ਾਰ ਮਾਸਕ ਵੰਡੇ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ ਹਿੰਸਾ ਵਿਚ ਬੇਘਰ ਹੋਏ ਲੋਕਾਂ ਲਈ ਵੀ ਦਿੱਲੀ ਕਮੇਟੀ ਨੇ ਦਵਾਈਆਂ ਅਤੇ ਲੰਗਰ ਮੁਹੱਈਆ ਕਰਵਾਇਆ ਹੈ। ਜੇਕਰ ਦਿੱਲੀ ਸਰਕਾਰ ਵੱਲੋਂ ਕਿਸੇ ਹੋਰ ਮਦਦ ਦੀ ਗੁਹਾਰ ਲਗਾਈ ਗਈ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਰੂਰ ਉਸ ਨੂੰ ਪੂਰਾ ਕਰੇਗੀ।
ਇਹ ਵੀ ਪੜੋ: ਕੇਰਲ: ਇੱਕ ਪਰਿਵਾਰ ਦੇ 5 ਜੀਆਂ ਨੂੰ ਹੋਇਆ ਕੋਰੋਨਾਵਾਇਰਸ, 40 ਮਾਮਲਿਆਂ ਦੀ ਹੋਈ ਪੁਸ਼ਟੀ
ਦੱਸ ਦੇਈਏ ਕਿ ਵਿਸ਼ਵ ਦੇ ਕਰੀਬ 94 ਦੇਸ਼ਾਂ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੁਣ ਤੱਕ 3491 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪੀੜਤਾਂ ਦੀ ਗਿਣਤੀ 1,01,988 ਤੱਕ ਪੁੱਜ ਗਈ ਹੈ। ਉਥੇ ਹੀ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 36 'ਤੇ ਪੁੱਜ ਗਈ ਹੈ।