ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ਪੁੱਜੇ ਲਗਭਗ ਤਿੰਨ ਹਫ਼ਤੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਕਿਸਾਨਾਂ ਦੀ ਮਦਦ ਲਈ ਹੁਣ ਡਾਕਟਰ ਵੀ ਅੱਗੇ ਆ ਰਹੇ ਹਨ। ਕਿਸਾਨਾਂ ਦੀ ਸਹੂਲਤ ਵਾਸਤੇ ਥਾਂ-ਥਾਂ 'ਤੇ ਮੈਡੀਕਲ ਕੈਂਪ ਅਤੇ ਮੁਫ਼ਤ ਦਵਾਈਆਂ ਦੇ ਕੈਂਪ ਲਗਾਏ ਗਏ ਹਨ। ਮੋਹਾਲੀ ਤੋਂ ਦੰਦਾਂ ਦੇ ਡਾਕਟਰਾਂ ਦਾ ਇੱਕ ਜੱਥਾ ਸਿੰਧੂ ਬਾਰਡਰ ਵਿਖੇ ਪੁੱਜਾ ਹੈ ਜੋ ਕਿਸਾਨਾਂ ਦਾ ਇਲਾਜ ਦਿਨ ਰਾਤ ਕਰ ਰਿਹਾ ਹੈ।
ਇਸ ਜਥੇ ਵਿੱਚ ਮੌਜੂਦ ਮੋਹਾਲੀ ਤੋਂ ਆਏ ਡਾ. ਸਨੀ ਆਹਲੂਵਾਲੀਆ ਨੇ ਦੱਸਿਆ ਕਿ ਹਰ ਰੋਜ਼ 100 ਦੇ ਕਰੀਬ ਕਿਸਾਨ ਦੰਦਾਂ ਦੇ ਇਲਾਜ ਲਈ ਆਉਂਦੇ ਹਨ ਅਤੇ ਕੁੱਲ 300 ਦੇ ਕਰੀਬ ਕਿਸਾਨ ਹਰ ਰੋਜ਼ ਚੈੱਕਅੱਪ ਕਰਵਾਉਂਦੇ ਹਨ। ਇਨ੍ਹਾਂ ਵਿੱਚ ਸਰਦੀ, ਜ਼ੁਕਾਮ, ਬੁਖਾਰ, ਸਿਰ ਦਰਦ, ਢਿੱਡ ਪੀੜ, ਜੋੜਾਂ ਦੇ ਦਰਦ, ਬਲੱਡ ਪ੍ਰੈਸ਼ਰ ਆਦਿ ਦੇ ਮਰੀਜ਼ ਸ਼ਾਮਲ ਹਨ।
ਡਾ. ਆਹਲੂਵਾਲੀਆ ਨੇ ਕਿਹਾ ਕਿ ਪੰਜ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਸੜਕਾਂ 'ਤੇ ਹਨ ਅਤੇ ਜਦੋਂ ਉਨ੍ਹਾਂ ਨੇ ਦਿੱਲੀ ਜਾਣ ਦਾ ਐਲਾਨ ਕੀਤਾ ਤਾਂ ਅਸੀਂ ਉਨ੍ਹਾਂ ਦੀ ਮਦਦ ਦਾ ਫ਼ੈਸਲਾ ਲਿਆ। ਡਾਕਟਰਾਂ ਦੀ ਇਸ ਟੀਮ ਵੱਲੋਂ ਕਿਸਾਨਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਇੱਕ ਵਿਸ਼ੇਸ਼ ਕਿਸਮ ਦੀ ਬੱਸ ਤਿਆਰ ਕੀਤੀ ਗਈ ਹੈ, ਜਿਸ ਵਿੱਚ ਜਨਰੇਟਰ ਅਤੇ ਐਕਸਰੇ ਦੀ ਸਹੂਲਤ ਮੌਜੂਦ ਹੈ।
ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਖੇਤੀ ਕਨੂੰਨਾ ਨੂੰ ਲੈ ਕੇ ਮਾਮਲਾ ਕਿਸੇ ਸਿਰੇ ਨਹੀਂ ਚੜ੍ਹ ਰਿਹਾ। ਜਿੱਥੇ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਲਈ ਤਿਆਰ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਕਿਸਾਨ ਸੰਘਰਸ਼ ਵਿੱਚ ਦੋ ਦਰਜਨ ਤੋਂ ਵੱਧ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ।