ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ਨੀਵਾਰ ਨੂੰ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਤੋਂ ਪੁੱਛਗਿੱਛ ਕੀਤੀ। ਲਗਭਗ 3 ਘੰਟੇ ਤੱਕ ਚਲੀ ਪੁੱਛਗਿੱਛ ਨੇ ਦਿੱਲੀ ਦੰਗਿਆਂ ਵਿੱਚ ਉਮਰ ਖਾਲਿਦ ਦੀ ਭੂਮਿਕਾ ਬਾਰੇ ਜਾਣਕਾਰੀ ਇਕੱਠੀ ਕੀਤੀ। ਵਿਸ਼ੇਸ਼ ਸੈੱਲ ਨੇ ਉਮਰ ਖਾਲਿਦ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ, ਜਿਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਜਾਵੇਗਾ।
23-25 ਫਰਵਰੀ ਦਰਮਿਆਨ ਸਾਜਿਸ਼!
ਜਾਣਕਾਰੀ ਅਨੁਸਾਰ ਬੀਤੇ 6 ਮਾਰਚ ਨੂੰ ਐਸਆਈ ਅਰਵਿੰਦ ਨੂੰ ਮਿਲੀ ਜਾਣਕਾਰੀ ’ਤੇ ਅਪਰਾਧ ਸ਼ਾਖਾ ਵਿੱਚ ਦੰਗੇ ਅਤੇ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਅਰਵਿੰਦ ਕੁਮਾਰ ਵੱਲੋਂ ਇਹ ਕਿਹਾ ਗਿਆ ਸੀ ਕਿ 23 ਤੋਂ 25 ਫਰਵਰੀ ਦਰਮਿਆਨ ਹੋਏ ਦੰਗਿਆਂ ਲਈ ਪਹਿਲਾਂ ਹੀ ਇੱਕ ਸਾਜਿਸ਼ ਰਚੀ ਗਈ ਸੀ। ਇਸ ਵਿੱਚ ਉਮਰ ਖਾਲਿਦ, ਦਾਨਿਸ਼ ਅਤੇ ਉਸਦੇ ਦੋ ਹੋਰ ਸਾਥੀ ਵੱਖ-ਵੱਖ ਸੰਗਠਨਾਂ ਨਾਲ ਮਿਲੇ।
ਉਮਰ ਖਾਲਿਦ ਨੇ ਇਥੇ ਲੋਕਾਂ ਨੂੰ ਭੜਕਾਉਣ ਲਈ ਦੋ ਵੱਖ-ਵੱਖ ਥਾਵਾਂ 'ਤੇ ਭਾਸ਼ਣ ਦਿੱਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਵੇਲੇ ਸੜਕਾਂ ਨੂੰ ਬੰਦ ਕਰਨ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਭਾਰਤ ਆਉਣ। ਇਸ ਦੇ ਨਾਲ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ 'ਤੇ ਜਾਵੇਗਾ ਕਿ ਕਿਸ ਤਰੀਕੇ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ।