ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੁੱਧਵਾਰ ਨੂੰ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਨਿੰਦਾ ਕੀਤੀ। ਹਰਸਿਮਰਤ ਨੇ ਕਿਹਾ ਕਿ ਸੋਨੀਆ ਗ੍ਰਹਿ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੀ ਹੈ ਪਰ ਉਨ੍ਹਾਂ ਦੇ ਪਰਿਵਾਰ ਦੇ ਆਪਣੇ ਹੱਥ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ।
ਹਰਸਿਮਰਤ ਨੇ ਕਿਹਾ ਕਿ 1984 ਸਿੱਖ ਤਸ਼ਦੱਦ ਵੇਲੇ ਸੋਨੀਆ ਗਾਂਧੀ ਦੇ ਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਸ ਨੂੰ ਰੋਕਣ ਲਈ ਫ਼ੌਜ ਨੂੰ ਬੁਲਾ ਸਕਦੇ ਸਨ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ ਤੇ ਸਿੱਖਾਂ ਨੂੰ ਘਰੋਂ ਬਾਹਰ ਕੱਢ ਕੇ ਮਾਰਿਆ ਗਿਆ। ਬਾਦਲ ਨੇ ਕਿਹਾ ਕਿ 84 ਵੇਲੇ ਉਹ ਦਿੱਲੀ 'ਚ ਹੀ ਸੀ, ਉਸ ਨੇ ਸਭ ਆਪਣੀ ਅੱਖਾਂ ਨਾਲ ਵੇਖਿਆ ਹੈ, 3 ਰਾਤ,3 ਦਿਨ ਲਗਾਤਾਰ ਹਿੰਸਾ ਹੁੰਦੀ ਰਹੀ ਪਰ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।
ਦੂਜੇ ਪਾਸੇ ਕਰਤਾਰਪੁਰ ਸਾਹਿਬ 'ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਉਪਰਾਲੇ ਸਦਕਾ ਇਹ ਲਾਂਘਾ ਖੁੱਲ੍ਹਾ ਹੈ। 20 ਡਾਲਰ ਦੀ ਫ਼ੀਸ ਪਾਕਿਸਤਾਨ ਸਰਕਾਰ ਵੱਲੋਂ ਹੈ ਨਾ ਕਿ ਭਾਰਤ ਸਰਕਾਰ ਵੱਲੋਂ। ਪਾਕਿਸਤਾਨ ਵਿੱਚ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਦੋਸਤ ਹਨ। ਉਨ੍ਹਾਂ ਨੂੰ ਫੀਸਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਹਿੰਸਾ ਨੂੰ ਲੈ ਕੇ ਸੋਨੀਆ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ। ਸੋਨੀਆ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ।