ਨਵੀਂ ਦਿੱਲੀ: ਮਣੀਪੁਰੀ ਅੱਤਵਾਦੀ ਸੰਗਠਨ ਦੇ ਦੋ ਅੱਤਵਾਦੀਆਂ ਨੂੰ ਸਪੈਸ਼ਲ ਸੈੱਲ ਨੇ ਬੁਰਾੜੀ 'ਚੋਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਅੱਤਵਾਦੀ ਮਣੀਪੁਰ ਤੋਂ ਬਾਹਰ ਰਹਿ ਕੇ ਆਪਣੇ ਅੱਤਵਾਦੀ ਸੰਗਠਨ ਨੂੰ ਮਜਬੂਤ ਕਰਨ ਲਈ ਫੰਡ ਇਕੱਠਾ ਕਰਨ 'ਚ ਲੱਗੇ ਸਨ। ਦੋਵਾਂ ਅੱਤਵਾਦੀਆਂ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ। ਇਨ੍ਹਾਂ ਦੋਹਾਂ ਦੇ ਸਿਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।
ਫੜੇ ਗਏ ਅੱਤਵਾਦੀਆਂ ਦੀ ਪਛਾਣ ਲਸ਼ਰਾਮ ਮੰਗੋਲੀਜਾਓ ਅਤੇ ਹਿਜ਼ਬੁਲ ਰਹਿਮਾਨ ਵਜੋਂ ਹੋਈ ਹੈ। ਲਸ਼ਰਾਮ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਕੰਗਲੈਪਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦਾ ਪ੍ਰਧਾਨ ਹੈ। ਇਸ ਦੇ ਨਾਲ ਹੀ ਹਿਜ਼ਬੁਰ ਰਹਿਮਾਨ ਇਸ ਅੱਤਵਾਦੀ ਸੰਗਠਨ ਲਈ ਪੈਸਾ ਇਕੱਠਾ ਕਰਨ ਦਾ ਕੰਮ ਕਰਦਾ ਹੈ। ਦੋਵੇਂ ਮਣੀਪੁਰ ਤੋਂ ਬਾਹਰ ਰਹਿ ਕੇ ਕੰਮ ਕਰਦੇ ਸਨ ਜਿਸ ਕਾਰਨ ਉਹ ਹਾਲੇ ਤੱਕ ਪੁਲਿਸ ਦੀ ਪਕੜ ਤੋਂ ਦੂਰ ਸਨ।