ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ 3.0 ਵਿੱਚ ਦਿੱਲੀ ਸਰਕਾਰ ਨੇ ਕੁਝ ਰਿਆਇਤਾਂ ਦਿੱਤੀਆਂ ਹਨ, ਜਿਸ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਤਰਕ ਲੋਕਾਂ ਨਾਲ ਸਾਂਝੇ ਕੀਤੇ ਹਨ।
ਮੁੱਖ ਮੰਤਰੀ ਕੇਜਰੀਵਾਲ ਮੁਤਾਬਕ, ਜੇ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਤਾਂ ਅਰਥਵਿਵਸਥਾ ਬਿਲਕੁਲ ਹੀ ਲੰਗੜਾ ਜਾਵੇਗੀ। ਕੋਰੋਨਾ ਦੁਨੀਆ ਵਿੱਚ ਪੈਰ ਪਸਾਰ ਚੁੱਕਿਆ ਹੈ। ਕੇਜੀਰਵਾਲ ਨੇ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਆਇਆ ਉਦੋਂ ਤਾਲਾਬੰਦੀ ਜ਼ਰੂਰੀ ਸੀ, ਕਿਉਂਕਿ ਉਦੋਂ ਸਾਡੇ ਲੋਕ ਕੋਰੋਨਾ ਨਾਲ ਲੜਨ ਲਈ ਤਿਆਰ ਨਹੀਂ ਸੀ ਜੇ ਉਦੋਂ ਤਾਲਾਬੰਦੀ ਨਾ ਕੀਤੀ ਜਾਂਦੀ ਤਾਂ ਦੇਸ਼ ਵਿੱਚ ਇਸ ਦੇ ਮਾੜੇ ਨਤੀਜੇ ਹੋਣੇ ਸੀ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਤਾਲਾਬੰਦੀ ਖੋਲ੍ਹਣ ਲਈ ਤਿਆਰ ਹੈ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਲਾਲ ਇਲਾਕੇ (ਰੈੱਡ ਜ਼ੋਨ) ਵਿੱਚ ਪਾਉਣ ਨਾਲ ਦੋ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਇੱਕ ਤਾਂ ਲੋਕਾਂ ਦੀ ਨੌਕਰੀ ਜਾ ਰਹੀ ਹੈ ਦੂਜਾ ਵਪਾਰੀਆਂ ਨੂੰ ਦਿੱਕਤਾਂ ਹੋ ਰਹੀਆਂ ਹਨ। ਇਸ ਨਾਲ ਅਰਥਵਿਵਸਥਾ ਬਿਲਕੁਲ ਹੀ ਹਿੱਲ ਚੁੱਕੀ ਹੈ।
ਸਰਕਾਰ ਦੇ ਮਾਲੀਆ(ਰੈਵੀਨਿਉ) ਵਿੱਚ 90 ਫ਼ੀਸਦ ਦੀ ਕਮੀ ਆਈ ਹੈ, ਦੂਜੇ ਪਾਸੇ ਸਾਰੀ ਅਰਥਵਿਵਸਥਾ ਬੰਦ ਹੈ ਅਜਿਹੇ ਵਿੱਚ ਸਰਕਾਰ ਕਿਵੇਂ ਚੱਲ ਸਕੇਗੀ। ਅਪ੍ਰੈਲ ਮਹੀਨੇ ਵਿੱਚ ਸਰਕਾਰ ਨੂੰ 3500 ਕਰੋੜ ਦਾ ਮਾਲੀਆ ਆਉਂਦਾ ਹੈ ਜੋ ਕਿ ਇਸ ਵਾਰ ਮਹਿਜ਼ 350 ਕਰੋੜ ਹੀ ਆਇਆ ਹੈ।
ਉਨ੍ਹਾਂ ਕਿਹਾ ਕਿ ਤਾਲਾਬੰਦੀ ਦਾ ਵੇਲੇ ਤਿਆਰੀ ਕਰਨ ਲਈ ਇਸਤੇਮਾਲ ਕੀਤਾ ਗਿਆ ਹੈ ਹੁਣ ਇਸ ਵਿੱਚ ਕੁਝ ਛੋਟਾਂ ਦਿੱਤੀਆਂ ਗਈਆਂ ਹਨ ਤਾਂ ਕਿ ਜ਼ਿੰਦਗੀ ਵਾਪਸ ਪਟੜੀ ਤੇ ਆ ਸਕੇ। ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਸਲਾਹ ਵੀ ਦਿੱਤੀ ਗਈ ਹੈ ਕਿ ਦਿੱਲੀ ਵਿੱਚ 97 ਹੌਟਸਪੌਟ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇ ਅਤੇ ਬਾਕੀ ਦਿੱਲੀ ਨੂੰ ਗ੍ਰੀਨ ਜ਼ੋਨ ਵਿੱਚ ਸ਼ਾਮਲ ਕਰ ਕੇ ਆਵਾਜਾਈ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ।