ਨਵੀਂ ਦਿੱਲੀ: ਸਫਦਰਜੰਗ ਹਸਪਤਾਲ ਦੀਆਂ ਦੋ ਮਹਿਲਾ ਡਾਕਟਰਾਂ 'ਤੇ ਹਮਲਾ ਕਰਨ ਦੇ ਦੋਸ਼ 'ਚ ਵੀਰਵਾਰ ਨੂੰ ਦਿੱਲੀ ਦੇ ਗੌਤਮ ਨਗਰ ਦੇ ਵਸਨੀਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਡਾਕਟਰ ਬੁੱਧਵਾਰ ਰਾਤ ਨੂੰ ਨੇੜਲੇ ਸਟੋਰ ਤੋਂ ਕਰਿਆਨੇ ਦੀ ਖਰੀਦ ਕਰ ਰਹੀਆਂ ਸਨ। ਡਾਕਟਰਾਂ ਨੇ ਇਸ ਬਾਰੇ ਪੁਲਿਸ ਕੋਲ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਡਿਪਟੀ ਕਮਿਸ਼ਨਰ (ਦੱਖਣੀ) ਅਤੁਲ ਕੁਮਾਰ ਠਾਕੁਰ ਨੇ ਕਿਹਾ, "ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਇੱਕ ਮੁਲਜ਼ਮ ਨੂੰ ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ।"
ਸਫਦਰਜੰਗ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਮਨੀਸ਼ ਕੁਮਾਰ ਨੇ ਦੱਸਿਆ ਕਿ ਦੋਵੇਂ ਡਾਕਟਰ ਐਮਰਜੈਂਸੀ ਵਾਰਡ ਵਿਚ ਤਾਇਨਾਤ ਸਨ। ਰਾਤ 9 ਵਜੇ ਜਦੋਂ ਉਹ ਸਬਜ਼ੀ ਖਰੀਦ ਰਹੀਆਂ ਸਨ ਤਾਂ ਇਕ ਵਿਅਕਤੀ ਨੇ ਉਨ੍ਹਾਂ ਉੱਤੇ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ ਲਗਾਉਂਦਿਆਂ ਇਕ ਪਾਸੇ ਹੋ ਜਾਣ ਲਈ ਕਿਹਾ।
ਡਾਕਟਰਾਂ ਨੇ ਜਦੋਂ ਉਸ ਨਾਲ ਇਸ ਬਾਰੇ ਬਹਿਸ ਕੀਤੀ ਤਾਂ ਉਸਨੇ ਦੋਵਾਂ ਨੂੰ ਥੱਪੜ ਮਾਰਿਆ ਅਤੇ ਉਨ੍ਹਾਂ ਦਾ ਹੱਥ ਮਰੋੜ ਦਿੱਤਾ। ਸਥਾਨਕ ਵਸਨੀਕਾਂ ਨੇ ਦਖਲ ਦਿੱਤਾ ਅਤੇ ਡਾਕਟਰਾਂ ਨੂੰ ਬਚਾਇਆ ਪਰ ਉਹ ਵਿਅਕਤੀ ਮੌਕੇ ਤੋਂ ਭੱਜ ਗਿਆ।