ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿੱਚ DTC ਤੇ ਕਲੱਸਟਰ ਬੱਸਾਂ ਵਿੱਚ ਔਰਤਾਂ ਲਈ ਯਾਤਰਾ ਮੁਫ਼ਤ ਕਰਨ ਤੋਂ ਬਾਅਦ 104 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਵੀ ਮੌਜੂਦ ਸਨ।
ਬੱਸਾਂ ਵਿੱਚ ਹਾਈਡ੍ਰੋਲਿਕ ਲਿਫ਼ਟ, ਪੈਨਿਕ ਬਟਨ, ਸੀਸੀਟੀਵੀ ਕੈਮਰੇ, ਜੀਪੀਐੱਸ ਸਣੇ ਸਾਰੀਆਂ ਨਵੀਨਤਮ ਸਹੂਲਤਾਂ ਉਪਲਬਧ ਹਨ। ਦੱਸ ਦਈਏ, ਪਿਛਲੇ ਦਿਨੀਂ ਮੁੱਖ ਮੰਤਰੀ ਨੇ ਔਰਤਾਂ ਲਈ 29 ਅਕਤੂਬਰ, ਭਾਈ ਦੂਜ ਤੋਂ DTC ਬੱਸਾਂ ਤੇ ਕਲੱਸਟਰ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਹਫ਼ਤੇ ਤੱਕ ਸ਼ਹਿਰ ਦੀਆਂ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੱਸਾਂ ਵਿੱਚ ਮਾਰਸ਼ਲ ਨਿਯੁਕਤ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਬੱਸਾਂ ਤੋਂ ਇਲਾਵਾ ਕਲੱਸਟਰ ਯੋਜਨਾ ਵਿੱਚ 1,000 ਲੋਅ–ਫ਼ਲੋਰ ਏਸੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਦਿਵਯਾਂਗ ਵਿਅਕਤੀਆਂ (ਅੰਗਹੀਣਾਂ), ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਦੇ ਸਵਾਰ ਹੋਣ ਤੇ ਉੱਤਰਨ ਲਈ ਸੁਖਾਲੀਆਂ ਹੋਣਗੀਆਂ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤਿੰਨ ਕਲੱਸਟਰਜ਼ ਲਈ 650 ਲੋਅ–ਫ਼ਲੋਰ ਬੱਸਾਂ ਲਈ ਟੈਂਡਰ ਟਰਾਂਸਪੋਰਟ ਵਿਭਾਗ ਵੱਲੋਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਇਹ ਬੱਸਾਂ ਜਨਵਰੀ 2020 ਤੋਂ ਸ਼ੁਰੂ ਹੋਣਗੀਆਂ। ਬਾਕੀ 350 ਬੱਸਾਂ ਲਈ ਟੈਂਡਰ ਛੇਤੀ ਜਾਰੀ ਕੀਤੇ ਜਾਣਗੇ। ਦਿੱਲੀ ਸਰਕਾਰ ਨਾਲ ਹੀ ਪੜਾਅਵਾਰ ਤਰੀਕੇ ਨਾਲ 1,000 ਇਲੈਕਟ੍ਰਿਕ (ਬਿਜਲਈ) ਬੱਸਾਂ ਵੀ ਸ਼ਾਮਲ ਕਰੇਗੀ।