ਨਵੀਂ ਦਿੱਲੀ: ਨਿਰਭਯਾ ਜਬਰ ਜਨਾਹ ਮਾਮਲੇ 'ਚ ਆਖਿਰਕਾਰ 7 ਸਾਲਾਂ ਬਾਅਦ ਪਟਿਆਲਾ ਹਾਊਸ ਕੋਰਟ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਚਾਰੇ ਦੋਸ਼ੀਆਂ ਦੇ ਡੈੱਥ ਵਾਰੰਟ ਜਾਰੀ ਕਰ ਦਿੱਤੇ ਹਨ। ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ।
16 ਦਸੰਬਰ ਦੀ ਦੇਰ ਸ਼ਾਮ ਨਿਰਭਯਾ ਆਪਣੇ ਦੋਸਤ ਦੇ ਨਾਲ ਫ਼ਿਲਮ ਵੇਖ ਕੇ ਆਪਣੇ ਘਰ ਵਾਪਿਸ ਆਉਣ ਲਈ ਵਸੰਤ ਵਿਹਾਰ 'ਚ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦੌਰਾਨ ਇੱਕ ਪ੍ਰਾਈਵੇਟ ਬੱਸ ਆਈ ਜਿਸ ਨੇ ਦੋਵਾਂ ਨੂੰ ਬਿਠਾ ਲਿਆ। ਬੱਸ ਵਿੱਚ 6 ਨੌਜਵਾਨ ਬੈਠੇ ਸਨ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ। ਕੁਝ ਦੇਰ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਭਯਾ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨਿਰਭਯਾ ਦੇ ਦੌਸਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਭਯਾ ਦੇ ਨਾਲ ਜਬਰ ਜਨਾਹ ਕੀਤਾ। ਫਿਰ ਨਿਰਭਯਾ ਅਤੇ ਉਸ ਦੇ ਦੋਸਤ ਨੂੰ ਚਲਦੀ ਬੱਸ ਤੋਂ ਹੀ ਥਲ੍ਹੇ ਸੁੱਟ ਦਿੱਤਾ।
ਇਸ ਘਟਨਾ ਤੋਂ ਬਾਅਦ ਪੂਰਾਂ ਦੇਸ਼ ਨਿਰਭਯਾ ਦੇ ਇਨਸਾਫ਼ ਲਈ ਸੜਕਾਂ 'ਤੇ ਉਤਰ ਆਇਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਵਿਚੋਂ ਇੱਕ ਰਾਮ ਸਿੰਘ ਨੇ ਆਪਣੇ ਆਪ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਉੱਥੇ ਹੀ ਇੱਕ ਨਬਾਲਿਗ ਨੂੰ 3 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਬਾਲ ਸੁਧਾਰ ਕੇਂਦਰ ਤੋਂ ਛੱਡ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਬਾਕੀ ਦੇ ਚਾਰ ਦੋਸ਼ੀਆਂ ਅਕਸ਼ੇ, ਮੁਕੇਸ਼, ਵਿਨੇ ਅਤੇ ਪਵਨ ਫਿਲਹਾਲ ਤਿਹਾੜ ਜੇਲ੍ਹ ਵਿੱਚ ਬੰਦ ਹਨ। ਜਿਨ੍ਹਾਂ ਨੂੰ ਅਦਾਲਤ ਤੋਂ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਚਾਰੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਪਰ ਫਿਰ ਵੀ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਗਈ ਸੀ, ਜਿਸ ਨੂੰ ਲੈ ਕੇ ਨਿਰਭਯਾ ਦੀ ਮਾਂ ਨੇ ਪਟਿਆਲਾ ਹਾਊਸ ਕੋਰਟ ਵਿੱਚ ਅਪੀਲ ਕੀਤੀ ਸੀ। ਇਸ ਅਪੀਲ 'ਤੇ ਮੰਗਲਵਾਰ ਨੂੰ ਫੈਸਲਾ ਆਇਆ ਹੈ ਜਿਸ ਵਿੱਚ ਕੋਰਟ ਨੇ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਨੂੰ 22 ਜਨਵਰੀ ਨੂੰ ਫਾਂਸੀ ਦਿੱਤੀ ਜਾਵੇਗੀ।
ਜਾਣੋ ਇਸ ਮਾਮਲੇ 'ਚ ਹੁਣ ਤੱਕ ਦਾ ਪੂਰਾ ਘਟਨਾਕ੍ਰਮ
- 16 ਦਸੰਬਰ 2012- ਵਸੰਤ ਵਿਹਾਰ ਇਲਾਕੇ ਵਿੱਚ ਚਲਦੀ ਬੱਸ ਵਿੱਚ ਨਿਰਭਯਾ ਦੇ ਨਾਲ ਜਬਰ ਜਨਾਹ ਨੂੰ ਅੰਜਾਮ ਦਿੱਤਾ ਗਿਆ।
- 17 ਦਸੰਬਰ 2012- ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਬੱਸ ਨੂੰ ਲੱਭ ਕੇ ਰਾਮ ਸਿੰਘ ਨੂੰ ਕੀਤਾ ਗ੍ਰਿਫ਼ਤਾਰ।
- 18 ਦਸੰਬਰ 2012- ਦੋਸ਼ੀ ਅਕਸ਼ੇ, ਮੁਕੇਸ਼ ਅਤੇ ਵਿਨੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।
- 21 ਦਸੰਬਰ 2012- ਇੱਕ ਨਬਾਲਿਗ ਦੋਸ਼ੀ ਨੂੰ ਆਈਐਸਬੀਟੀ ਤੋਂ ਗ੍ਰਿਫਤਾਰ ਕੀਤਾ ਗਿਆ।
- 25 ਦਸੰਬਰ 2012- ਨਿਰਭਯਾ ਦੇ ਬਿਆਨ ਦਰਜ਼ ਕੀਤੇ ਗਏ।
- 26 ਦਸੰਬਰ 2012- ਨਿਰਭਯਾ ਨੂੰ ਇਲਾਜ ਦੇ ਲਈ ਸਿੰਗਾਪੁਰ ਦੇ ਹਸਪਤਾਲ ਰੈਫ਼ਰ ਕੀਤਾ ਗਿਆ।
- 11 ਮਾਰਚ 2013- ਤਿਹਾੜ ਜੇਲ੍ਹ ਵਿੱਚ ਰਾਮ ਸਿੰਘ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ।
- 5 ਮਈ 2017- ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
- 9 ਜੁਲਾਈ 2018- ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਰਿਵਿਊ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ।
- 7 ਜਨਵਰੀ 2020- ਨਿਰਭਯਾ ਦੇ ਚਾਰੋਂ ਦੋਸ਼ੀਆਂ ਦੀ ਫਾਂਸੀ ਦੇ ਲਈ 22 ਜਨਵਰੀ ਨੂੰ ਸਵੇਰੇ 7 ਵਜੇ ਦਾ ਸਮਾਂ ਕੋਰਟ ਨੇ ਤੈਅ ਕੀਤਾ।