ਸ੍ਰੀਨਗਰ: ਜੰਮੂ ਕਸ਼ਮੀਰ ਦੇ ਹਲਾਤ ਹੌਲੀ-ਹੌਲੀ ਠੀਕ ਹੁੰਦੇ ਨਜ਼ਰ ਆ ਰਹੇ ਹਨ। ਸੜਕਾਂ ਉੱਤੇ ਲੋਕਾਂ ਦੀ ਆਵਾਜਾਈ ਵਧ ਰਹੀ ਹੈ। ਹਾਲਾਂਕਿ ਸ਼ਹਿਰ ਵਿੱਚ ਜਿੱਥੇ ਕੁਝ ਲੋਕਾਂ ਨੇ ਮੁੜ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਹਨ ਉੱਥੇ ਹੀ ਕੁਝ ਦੀਆਂ ਦੁਕਾਨਾਂ ਅਜੇ ਵੀ ਬੰਦ ਹਨ।
5 ਅਗਸਤ ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ। ਇਸ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਬਣ ਗਿਆ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਇੱਥੇ ਕਰਫਿਊ ਲਗਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਰੀਆਂ ਫੋਨ ਅਤੇ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ, ਕੁਝ ਥਾਵਾਂ 'ਤੇ ਸਰਕਾਰ ਵੱਲੋਂ ਇਹ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਅਜੇ ਵੀ ਕੁੱਝ ਸੰਵੇਦਨਸ਼ੀਲ ਖੇਤਰਾਂ 'ਚ ਨਾਜ਼ੁਕ ਹਾਲਤਾਂ ਦੇ ਮੱਦੇਨਜ਼ਰ ਪਾਬੰਦੀਆਂ ਅਜੇ ਵੀ ਜਾਰੀ ਹਨ।
ਇੱਕ ਪਾਸੇ ਜਿੱਥੇ ਲੋਕਾਂ ਦੀ ਜ਼ਿੰਦਗੀ ਮੁੜ ਪਟਰੀ 'ਤੇ ਆ ਗਈ ਹੈ ਉੱਥੇ ਹੀ ਦੂਜੇ ਪਾਸੇ ਇਸ ਸਾਲ ਚੰਗਾ ਮੀਂਹ ਪੈਣ ਕਾਰਨ ਅਤੇ ਸਹੀ ਸਮੇਂ 'ਤੇ ਪਈ ਬਰਫ਼ ਕਾਰਨ ਸੂਬੇ 'ਚ ਬਾਦਾਮ ਦੀ ਚੰਗੀ ਖੇਤੀ ਹੋਈ ਹੈ। ਚੰਗੀ ਖੇਤੀ ਕਾਰਨ ਸਥਾਨਕ ਕਿਸਾਨ ਬੇਹੱਦ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਬਦਾਮ ਦੀ ਖੇਤੀ ਲਈ ਮੌਸਮ ਕਾਫੀ ਚੰਗਾ ਰਿਹਾ ਹੈ, ਜਿਸ ਕਾਰਨ ਅਸੀਂ ਚੰਗੀ ਪੈਦਾਵਾਰ ਕਰਨ ਵਿੱਚ ਕਾਮਯਾਬ ਹੋ ਰਹੇ ਹਾਂ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦੀ ਸੇਬ ਦੀ ਫ਼ਸਲ ਜ਼ਿਆਦਾ ਚੰਗੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਦਿਨਾਂ ਤੱਕ ਸੇਬ ਆਪਣੇ ਘਰਾਂ ਵਿੱਚ ਸਟੋਰ ਨਹੀਂ ਕਰ ਸਕਦੇ ਪਰ ਬਾਦਾਮ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਇਹ ਛੇਤੀ ਖ਼ਰਾਬ ਨਹੀਂ ਹੁੰਦੇ।