ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਵਿਰੁੱਧ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਹੈ। ਚਾਂਦ ਬਾਗ, ਕਰਾਵਲ ਨਗਰ, ਮੌਜਪੁਰ ਅਤੇ ਜ਼ਫ਼ਰਾਬਾਦ ਵਿਚ ਕਰਫਿਊ ਲਗਾਇਆ ਜਾ ਰਿਹਾ ਹੈ, ਪਰ ਦਿੱਲੀ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਹਿੰਸਾ ਨੇ ਚਾਂਦ ਬਾਗ ਖੇਤਰ 'ਚ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪ੍ਰਦਰਸ਼ਕਾਰੀਆਂ ਨੇ ਗੱਡੀਆਂ ਨੂੰ ਅੱਗ ਦੇ ਹਵਾਲੇ ਕੀਤਾ ਹੈ।
ਇਸ ਤੋਂ ਇਲਾਵਾ ਮੰਗਲਵਾਰ ਨੂੰ ਗਾਜ਼ੀਆਬਾਦ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਅੱਜ ਗਾਜ਼ੀਆਬਾਦ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਚਾਂਦ ਬਾਗ, ਕਰਾਵਲ ਨਗਰ, ਮੌਜਪੁਰ ਅਤੇ ਜ਼ਫ਼ਰਾਬਾਦ ਵਿਚ ਕਰਫਿਊ ਲਗਾਇਆ ਜਾ ਰਿਹਾ ਹੈ, ਪਰ ਦਿੱਲੀ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਦੱਸਣਯੋਗ ਹੈ ਕਿ ਦਿੱਲੀ ਹਿੰਸਾ 'ਚ ਹੁਣ ਤੱਕ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਹੁਣ ਤੱਕ 150 ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ। ਇਸ ਬਾਰੇ ਗੁਰ ਤੇਗ ਬਹਾਦੁਰ ਹਸਪਤਾਲ ਦੇ ਅਧਿਆਕਾਰੀ ਡਾ. ਸੁਨੀਲ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਤੋਂ ਇਲਾਵਾ ਉੱਤਰ-ਪੂਰਬੀ ਦਿੱਲੀ ਵਿੱਚ ਜਾਰੀ ਹਿੰਸਾ ਪੂਰਬੀ ਦਿੱਲੀ ਵਿੱਚ ਵੀ ਪਹੁੰਚ ਗਈ ਹੈ। ਲਕਸ਼ਮੀ ਨਗਰ ਦੇ ਮੰਗਲ ਬਾਜ਼ਾਰ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਗੋਲੀਬਾਰੀ ਹੋਣ ਦੀ ਖ਼ਬਰ ਹੈ।
ਦੱਸਣਯੋਗ ਹੈ ਕਿ ਮੰਗਲਵਾਰ ਸਵੇਰ ਤੋਂ ਇੱਕ ਵਾਰ ਮੁੜ ਉੱਤਰ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਹਿੰਸਾ ਦਾ ਦੌਰ ਜਾਰੀ ਹੈ। ਮੌਜਪੁਰ ਮੈਟਰੋ ਸਟੇਸ਼ਨ ਨੇੜੇ ਜਿੱਥੇ ਕਬੀਰ ਸਵੇਰ ਤੋਂ ਹੀ ਪੱਥਰਬਾਜ਼ੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕੁਝ ਲੋਕਾਂ ਨੇ ਦੁਪਹਿਰ ਕਰੀਬ 12 ਵਜੇ ਗੋਕਲਪੁਰੀ ਦੀ ਟਾਇਰ ਮਾਰਕੀਟ ਨੂੰ ਅੱਗ ਲਾ ਦਿੱਤੀ। ਪੁਲਿਸ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਬਦਮਾਸ਼ ਹਿੰਸਾ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਪੁਲਿਸ ਨੇ ਖ਼ਜੂਰੀ ਖ਼ਾਸ ਤੇ ਉੱਤਰ ਪੂਰਬੀ ਦਿੱਲੀ ਦੇ ਕੁੱਝ ਹਿਸਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਖ਼ਜੂਰੀ ਖ਼ਾਸ ਵਿੱਚ ਪੁਲਿਸ ਅਤੇ ਆਰਏਐੱਫ਼ (ਰੈਪਿਡ ਐਕਸ਼ਨ ਫੋਰਸ) ਤਾਇਨਾਤ ਕੀਤੇ ਗਏ ਹਨ। ਕੱਲ ਇੱਥੇ ਹਿੰਸਾ ਤੇ ਅੱਗ ਲਾਉਣ ਦੀ ਵਾਰਦਾਤ ਹੋਈ ਸੀ।
ਇਸ ਤੋਂ ਇਲਾਵਾ ਭਜਨਪੁਰਾ 'ਚ ਇੱਕ ਵਾਰ ਮੁੜ ਪੱਥਰਬਾਜ਼ੀ ਹੋਈ। ਇਸ ਮਾਮਲੇ 'ਚ ਗ੍ਰਹਿ ਮੰਤਰਾਲੇ ਤੇ ਦਿੱਲੀ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਸ਼ਹਿਰ 'ਚ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਪਰ, ਲੋਕ ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ।
ਦੂਜੇ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੌਜਪੁਰ ਹਿੰਸਾ ਵਿੱਚ ਜ਼ਖ਼ਮੀਆਂ ਨੂੰ ਮਿਲਣ ਜੀਟੀਬੀ ਹਸਪਤਾਲ ਪਹੁੰਚੇ।
ਹਾਈ ਕੋਰਟ ਭਲਕੇ 26 ਫਰਵਰੀ ਨੂੰ ਕਰੇਗਾ ਸੁਣਵਾਈ
ਮੌਜਪੁਰ, ਜਾਫ਼ਰਾਬਾਦ ਅਤੇ ਦਿੱਲੀ ਦੇ ਹੋਰ ਨੇੜਲੇ ਇਲਾਕਿਆਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਈ ਹਿੰਸਾ ਦਾ ਕੇਸ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਵਿਚ ਇਕ ਪਟੀਸ਼ਨ ਦਰਜ ਕੀਤੀ ਗਈ ਹੈ। ਹਾਈ ਕੋਰਟ ਭਲਕੇ 26 ਫਰਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ।