ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦਿੱਲੀ ਹਿੰਸਾ ਦੇ ਦੋਸ਼ੀ ਤਾਹਿਰ ਹੁਸੈਨ ਦੇ ਰਿਸ਼ਤੇਦਾਰਾਂ ਤੋਂ ਵੀ ਜਾਣਕਾਰੀ ਲੈ ਰਹੀ ਹੈ। ਕ੍ਰਾਈਨ ਬ੍ਰਾਂਚ ਦੇ ਸੂਤਰਾਂ ਮੁਤਾਬਕ ਤਾਹਿਰ ਕੋਲੋਂ ਪੁੱਛਗਿੱਛ ਦੌਰਾਨ ਕੁੱਝ ਨਾਂਅ ਸਾਹਮਣੇ ਆਏ ਹਨ ਜਿਨ੍ਹਾਂ ਦੇ ਆਧਾਰ ਉੱਤੇ ਕ੍ਰਾਈਮ ਬ੍ਰਾਂਚ ਦੀ ਟੀਮ ਆਪਣੀ ਜਾਂਚ ਅੱਗੇ ਵਧਾ ਰਹੀ ਹੈ।
ਤਾਹਿਰ ਹੁਸੈਨ ਦੇ ਰਿਸ਼ਤੇਦਾਰਾਂ ਉੱਤੇ ਹੈ ਨਜ਼ਰ
ਕ੍ਰਾਈਮ ਬ੍ਰਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉੱਤਰ ਪੂਰਬੀ ਦਿੱਲੀ ਹਿੰਸਾ ਦੇ ਦੋਸ਼ੀ ਤਾਹਿਰ ਹੁਸੈਨ ਦੀ ਲਗਾਤਾਰ ਕ੍ਰਾਈਮ ਬ੍ਰਾਂਚ ਦੀ ਟੀਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦੌਰਾਨ ਪਤਾ ਚੱਲਿਆ ਹੈ ਕਿ ਇਸ ਸਾਰੇ ਹਿੰਸਾ ਮਾਮਲੇ ਵਿੱਚ ਤਾਹਿਰ ਹੁਸੈਨ ਦੇ ਕੁਝ ਰਿਸ਼ਤੇਦਾਰਾਂ ਦੀ ਵੀ ਭੂਮਿਕਾ ਹੈ।
ਇਸ ਆਧਾਰ 'ਤੇ ਸੋਮਵਾਰ ਨੂੰ ਤਾਹਿਰ ਹੁਸੈਨ ਦੇ ਭਰਾ ਸ਼ਾਹ ਆਲਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਵੀ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਇਲਾਵਾ ਤਾਹਿਰ ਹੁਸੈਨ ਅਤੇ ਉਸ ਦੇ ਭਰਾ ਦੇ ਕਾਲ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਲਈ ਕਿ ਹਿੰਸਾ ਦੌਰਾਨ ਤਾਹਿਰ ਹੁਸੈਨ ਅਤੇ ਉਸ ਭਰਾ ਦੀ ਕਿਨ੍ਹਾਂ ਲੋਕਾਂ ਨਾਲ ਗੱਲਬਾਤ ਹੋਈ ਸੀ।
ਕਾਲ ਡਿਟੇਲ ਖੰਘਾਲ ਰਹੀ ਕ੍ਰਾਈਮ ਬ੍ਰਾਂਚ
ਸੂਤਰਾਂ ਮੁਤਾਬਕ ਕ੍ਰਾਈਮ ਬ੍ਰਾਂਚ ਦੀ ਟੀਮ ਇਸ ਸਾਰੇ ਹਿੰਸਾ ਮਾਮਲੇ ਵਿਚ ਤਾਹਿਰ ਹੁਸੈਨ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਤਾਹਿਰ ਹੁਸੈਨ ਦੇ ਕਾਲ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਇਸ ਨਾਲ ਉਸਦੀ ਲੋਕੇਸ਼ਨ ਦਾ ਪਤਾ ਵੀ ਲਗਾਇਆ ਜਾ ਰਿਹਾ ਹੈ।
ਹੁਣ ਤੱਕ ਜੋ ਸਾਹਮਣੇ ਆਇਆ ਹੈ, ਉਸ ਅਨੁਸਾਰ ਤਾਹਿਰ ਹੁਸੈਨ 27 ਫਰਵਰੀ ਤੱਕ ਮੁਸਤਫਾਬਾਦ ਖੇਤਰ ਵਿਚ ਲੁਕਿਆ ਹੋਇਆ ਸੀ। ਫਿਰ ਉਹ ਓਖਲਾ ਦੇ ਜ਼ਾਕਿਰ ਨਗਰ ਖੇਤਰ ਵਿਚ ਲੁਕ ਗਿਆ। ਲੁਕਣ ਦੇ ਬਾਵਜੂਦ, ਉਹ ਲਗਾਤਾਰ ਕੁਝ ਲੋਕਾਂ ਦੇ ਸੰਪਰਕ ਵਿੱਚ ਰਿਹਾ। ਇਨ੍ਹਾਂ ਸਾਰੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਜਲਦੀ ਹੀ ਉਨ੍ਹਾਂ ਬਾਰੇ ਪੁੱਛਗਿੱਛ ਕਰ ਸਕਦੀ ਹੈ।