ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਸੱਜਣ ਕੁਮਾਰ ਦੇ ਖ਼ਿਲਾਫ਼ ਅਹਿਮ ਗਵਾਹ ਸ਼ੀਲਾ ਕੌਰ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਜਾਣਕਾਰੀ ਸੱਜਣ ਕੁਮਾਰ ਦੇ ਖ਼ਿਲਾਫ਼ ਦੂਸਰੀ ਅਹਿਮ ਗਵਾਹ ਨਿਰਪ੍ਰੀਤ ਕੌਰ ਨੇ ਦਿੱਤੀ ਹੈ। ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਵਿੱਚ ਨਿਰਪ੍ਰੀਤ ਨੇ ਕੇਂਦਰ ਸਰਕਾਰ, ਸਿੱਖ ਸਮਾਜ ਅਤੇ ਦਿੱਲੀ ਸਰਕਾਰ ਨੂੰ ਮਦਦ ਦੀ ਗੁਹਾਰ ਵੀ ਲਗਾਈ ਹੈ।
ਨਿਰਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਹਫਤੇ ਪਹਿਲਾਂ ਸ਼ੀਲਾ ਕੌਰ ਨੂੰ ਬੁਖਾਰ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਿਆ। ਇਸ ਤੋਂ ਬਾਅਦ ਸ਼ਿਲਾ ਕੌਰ ਨੂੰ ਹਰੀਨਗਰ ਦੇ ਦੀਨਦਿਆਲ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੇ ਇਲਾਜ ਨਾ ਹੋਣ ਕਰਕੇ ਉਨ੍ਹਾਂ ਨੂੰ ਖੇਤਰਪਾਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਟੈਸਟ ਹੋਣ ਤੇ ਉਨ੍ਹਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਖੇਤਰਪਾਲ ਹਸਪਤਾਲ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਭੇਜਿਆ ਗਿਆ ਪਰ ਹਸਪਤਾਲ ਨੇ ਉਨ੍ਹਾਂ ਨੂੰ ਹਰਿਆਣਾ ਦੇ ਝੱਜਰ ਸਥਿਤ ਏਮਜ਼ ਵਿਖੇ ਭੇਜ ਦਿੱਤਾ। ਉਸ ਤੋਂ ਬਾਅਦ ਸ਼ੀਲਾ ਕੌਰ ਦੀ ਹਾਲਤ ਖਰਾਬ ਹੋਣ 'ਤੇ ਦਿੱਲੀ ਦੇ ਏਮਜ਼ ਵਿਖੇ ਭਰਤੀ ਕਰਵਾਇਆ ਗਿਆ ਹੈ।
ਨਿਰਪ੍ਰੀਤ ਕੌਰ ਨੇ ਦੱਸਿਆ ਕਿ ਦਿੱਲੀ ਦੇ ਸਿੱਖ ਆਗੂਆਂ ਨੂੰ ਵੀ ਉਨ੍ਹਾਂ ਨੇ ਮਦਦ ਲਈ ਗੁਹਾਰ ਲਗਾਈ ਹੈ ਅਤੇ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਸ਼ੀਲਾ ਕੌਰ ਦੀ ਮਦਦ ਲਈ ਅੱਗੇ ਆਉਣ।