ਜੋਧਪੁਰ: 15 ਜੁਲਾਈ ਨੂੰ ਇੰਡੀਅਨ ਸਪੇਸ ਰਿਸਰਚ ਓਰਗੇਨਾਈਜੇਸ਼ਨ (ਇਸਰੋ) ਚੰਦਰਯਾਨ-2 ਨੂੰ ਲਾਂਚ ਕਰਨ ਜਾ ਰਿਹਾ ਹੈ। ਇਹ ਸੋਮਵਾਰ ਨੂੰ ਸਵੇਰੇ 2.30 ਵਜੇ ਸ਼੍ਰੀਹਰਿਕੋਟਾ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।
ਇਹ ਦੁਨੀਆਂ ਦਾ ਪਹਿਲਾ ਮਿਸ਼ਨ ਹੋਵੇਗਾ ਜਿਸ ਦਾ ਯਾਨ ਚੰਦਰਮਾ ਦੇ ਸਾਉਥ ਪੋਲ 'ਤੇ ਉਤਰੇਗਾ। ਪੂਰੀ ਦੁਨੀਆਂ ਦੇ ਵਿਗਿਆਨਕਾਂ ਦੀ ਨਜ਼ਰ ਇਸ ਮਿਸ਼ਨ ਉੱਤੇ ਹੈ। ਚੰਦਰਯਾਨ-2 ਇੱਕ ਸਪੇਸਕਰਾਫ਼ਟ ਹੈ ਜੋ ਚੰਨ ਦੀ ਤਹਿ 'ਤੇ ਸਾਫ਼ਟ ਲੈਂਡਿੰਗ ਕਰੇਗਾ ਜਿਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।
ਇਤਿਹਾਸ ਰਚੇਗਾ ਭਾਰਤ
ਭਾਰਤ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਚੰਦਰਯਾਨ ਕਈ ਤਰ੍ਹਾਂ ਦੀ ਜਾਣਕਾਰੀ ਭਾਰਤ ਦੇ ਵਿਗਿਆਨੀਆਂ ਨੂੰ ਭੇਜੇਗਾ। ਇਸ ਚੰਦਰਯਾਨ ਵਿੱਚ ਤਿੰਨ ਵਿਸ਼ੇਸ਼ ਉਪਕਰਨ ਲਗਾਏ ਗਏ ਹਨ ਜਿਨ੍ਹਾਂ ਵਿੱਚੋ ਇੱਕ ਲੈਂਡਰ ਹੈ ਜੋ ਚੰਨ ਦੀ ਤਹਿ 'ਤੇ ਉਤਰੇਗਾ, ਉਨ੍ਹਾਂ ਵਿੱਚੋਂ ਇੱਕ ਰੋਵਰ ਨਿਕਲੇਗਾ ਜੋ ਚੰਨ ਉੱਤੇ ਘੁੰਮੇਗਾ ਅਤੇ ਚੰਨ ਦੀ ਘੋਖ ਕਰੇਗਾ। ਦੂਜਾ ਆਰਬੀਟਰ ਹੈ ਜੋ ਚੰਨ ਦੇ ਓਰਬਿਟ ਵਿੱਚ ਰਹੇਗਾ ਅਤੇ ਉਸ ਦੇ ਚੱਕਰ ਲਾਵੇਗਾ। ਉਸ ਤੋਂ ਬਾਅਦ ਓਰਬਿਟਰ ਸਾਰੀ ਜਾਣਕਾਰੀ ਧਰਤੀ ਨੂੰ ਭੇਜੇਗਾ।
ਚੰਦਰਯਾਨ ਵਿੱਚ ਲਗਾਏ ਗਏ 13 ਵਿਗਿਆਨਕ ਯੰਤਰ
ਭਾਰਤ ਨੇ ਇਸ ਚੰਦਰਯਾਨ ਵਿੱਚ 13 ਵਿਗਿਆਨਕ ਯੰਤਰ ਲਗਾਏ ਹਨ। ਇਸ ਤੋਂ ਇਲਾਵਾ ਇੱਕ ਨਾਸਾ ਦਾ ਯੰਤਰ ਵੀ ਹੈ ਜਿਸ ਨੂੰ ਭਾਰਤ ਮੁਫ਼ਤ ਵਿੱਚ ਲੈ ਕੇ ਜਾ ਰਿਹਾ ਹੈ। ਇਹ ਸਾਰੇ ਯੰਤਰ ਚੰਦਰਮਾ ਦੇ ਸਾਊਥ ਪੋਲ ਯਾਨਿ ਕਿ ਦੱਖਣੀ ਧਰੁਵ ਦੇ ਸਭ ਤੋਂ ਨੇੜੇ ਜਾ ਰਹੇ ਹਨ। ਚੰਦਰਯਾਨ-1 ਤੋਂ ਅਗਲਾ ਕਦਮ ਚੰਦਰਯਾਨ-2 ਹੈ। ਪਹਿਲੀ ਵਾਰੀ ਚੰਨ 'ਤੇ ਪਾਣੀ ਦੇ ਅਣੂ ਦੀ ਖੋਜ ਚੰਦਰਯਾਨ -1 ਨੇ ਕੀਤੀ ਸੀ।
ਪ੍ਰੋਫ਼ੈਸਰ ਓਪੀਐਨ ਕੱਲਾ ਨਾਲ ਖਾਸ ਗੱਲਬਾਤ
ਇਸਰੋ ਦੇ ਇਸ ਮਿਸ਼ਨ ਵਿੱਚ ਸਾਬਕਾ ਇਸਰੋ ਦੇ ਮਾਹਿਰ ਤੇ ਜੋਧਪੁਰ ਵਿੱਚ ਅੰਤਰਰਾਸ਼ਟਰੀ ਵਿਗਿਆਨ ਕੇਂਦਰ ਦੇ ਡਾਇਰੈਕਟਰ ਪ੍ਰੋਫ਼ੈਸਰ ਓਪੀਐਨ ਕੱਲਾ ਦੀ ਵੀ ਮੁੱਖ ਸਾਂਝ ਰਹੀ ਹੈ। ਪ੍ਰੋਫੈਸਰ ਕੱਲਾ ਨੇ ਈ.ਟੀ.ਵੀ. ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਦੱਸਿਆ ਕਿ ਇਹ ਮਿਸ਼ਨ ਪੂਰੀ ਤਰ੍ਹਾਂ ਭਾਰਤੀ ਤਕਨੀਕ ਨਾਲ ਬਣਿਆ ਹੈ। ਇਸ ਵਿੱਚ ਕੋਈ ਵਿਦੇਸ਼ੀ ਤਕਨੀਕ ਨਹੀਂ ਵਰਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਚੰਦਰਯਾਨ-2 'ਤੇ ਪੂਰੀ ਦੁਨੀਆਂ ਦੀ ਨਜ਼ਰ ਹੈ। ਕੱਲਾ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸਰੋ ਦੇ ਵਿਗਿਆਨੀ ਇਸ ਵਿੱਚ ਜ਼ਰੂਰ ਸਫ਼ਲ ਹੋਣਗੇ। ਉਨ੍ਹਾਂ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਜੋਧਪੁਰ ਦੇ ਆਈਸੀਐਸਆਰ ਸੇਂਟਰ ਨੇ ਵੀ ਇਸ ਮਿਸ਼ਨ ਦੇ ਲਈ 6 ਪ੍ਰਯੋਗ ਦੀ ਪੇਸ਼ਕਸ਼ ਕੀਤੀ ਸੀ, ਜਿਨ੍ਹਾਂ 'ਚ 4 ਨੂੰ ਮੰਜ਼ੂਰੀ ਮਿਲੀ ਹੈ। ਇਸ ਮਿਸ਼ਨ ਨਾਲ ਮਿਲਣ ਵਾਲੇ ਡਾਟਾ ਦੇ ਆਧਾਰ 'ਤੇ ਰਿਸਰਚ ਹੋਵੇਗੀ। ਪ੍ਰੋਫੈਸਰ ਕੱਲਾ ਨੇ ਕਿਹਾ ਕਿ ਇਸ ਮਿਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2022 ਵਿੱਚ ਚੰਨ 'ਤੇ ਮਨੁੱਖ ਨੂੰ ਭੇਜਣ ਦਾ ਸੁਪਣਾ ਵੀ ਪੂਰਾ ਹੋਵੇਗਾ।