ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 20 ਮੌਜੂਦਾ ਅਤੇ 22 ਸੰਭਾਵਤ ਹਾਟਸਪੋਟਸ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਕਮਿਊਨਿਟੀ ਦੇ ਫੈਲਣ ਦਾ ਕੋਈ ਸਬੂਤ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਰੋਕਥਾਮ ਉਪਾਵਾਂ ਲਈ ਵੱਡੇ ਮਨੁੱਖੀ ਸਰੋਤ ਦੀ ਜ਼ਰੂਰਤ ਹੋਵੇਗੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਇਹ ਇੱਕ ਮਨੁੱਖੀ ਸਰੋਤ ਪ੍ਰਬੰਧਨ ਦੀ ਐਡਵਾਇਜ਼ਰੀ ਜੋ ਰਾਜਾਂ ਨੂੰ ਆਪਣੇ ਮਨੁੱਖੀ ਸਰੋਤਾਂ ਦਾ ਇਸਤੇਮਾਲ ਕਰਨ ਵਿੱਚ ਮਦਦ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਮਨੁੱਖੀ ਸਰੋਤ ਨੂੰ ਤਰੀਕੇ ਨਾਲ ਕੰਮ ਵੰਡੇ ਜਾਣ ਅਤੇ ਲੋੜ ਮੁਤਾਬਕ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ।
ਸਿਹਤ ਮੰਤਰਾਲੇ ਮੁਤਾਬਕ ਅਜੇ ਭਾਰਤ ਵਿੱਚ ਕੋਰੋਨਾ ਵਾਇਰਸ ਕਮਿਊਂਨਿਟੀ ਟਰਾਂਸਫਰ ਵਾਲੇ ਪੜਾਅ 'ਤੇ ਨਹੀਂ ਪਹੁੰਚਿਆ ਹੈ। ਅਜੇ 20 ਮੌਜੂਦਾ ਅਤੇ 22 ਸੰਭਾਵਿਤ ਹੋਟਸਪੋਟ ਦੀ ਭਾਲ ਕੀਤੀ ਗਈ ਹੈ ਜਿਨ੍ਹਾਂ ਦੀ ਕੜੀ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ: ਸੂਬੇ 'ਚ ਜਾਰੀ ਰਾਹਤ ਕਾਰਜਾਂ ਬਾਰੇ ਕੈਪਟਨ ਨੇ ਕਾਂਗਰਸ ਪ੍ਰਧਾਨ ਨੂੰ ਕਰਵਾਇਆ ਜਾਣੂ
ਦੱਸ ਦਈਏ ਕਿ ਭਾਰਤ ਵਿੱਚ ਵੀ ਪਿਛਲੇ ਕੁੱਝ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧ ਰਹੇ ਹਨ। ਹੁਣ ਤੱਕ ਭਾਰਤ ਵਿੱਚ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 2000 ਦੇ ਕਰੀਬ ਪਹੁੰਚ ਚੁੱਕੀ ਹੈ।