ਚੰਡੀਗੜ੍ਹ: ਚੀਨ ਵਿੱਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਹੁਣ ਤੱਕ ਸੈਂਕੜੇ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਚੀਨ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਅਤੇ ਕਈ ਖੇਤਰਾਂ ਵਿੱਚ ਇਸ ਦੇ ਸ਼ੱਕੀ ਮਾਮਲੇ ਸਾਹਮਣੇ ਆ ਰਹੇ ਹਨ। ਮੋਹਾਲੀ ਵਿੱਚ ਵੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਰੋਨਾ ਵਾਇਰਸ ਦੀ ਮੋਹਾਲੀ ਵਿੱਚ ਦਸਤਕ ਤੋਂ ਬਾਅਦ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮੋਹਾਲੀ ਅਤੇ ਅੰਮ੍ਰਿਤਸਰ ਦੇ ਹਵਾਈ ਅੱਡਿਆ 'ਤੇ ਥਰਮਲ ਸੈਂਸਰ ਵੀ ਲਗਾਏ ਗਏ ਹਨ। ਇਸ ਤੋਂ ਪਹਿਲਾਂ ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਇਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਇਸ ਵਾਇਰਸ ਸਬੰਧੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਕਿੱਥੇ-ਕਿੱਥੇ ਆਏ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ
ਮੋਹਾਲੀ ਵਿੱਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ 28 ਸਾਲਾ ਮਰੀਜ਼ ਨੂੰ ਪੀਜੀਆਈ ਦੇ ਆਈਸੋਲੇਟਡ ਵਾਰਡ ਵਿੱਚ ਰੱਖਿਆ ਗਿਆ ਹੈ। ਮਰੀਜ਼ ਦੇ ਟੈਸਟ ਕਰਕੇ ਸੈਂਪਲ ਪੁਣੇ ਭੇਜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੁੱਝ ਦਿਨ ਪਹਿਲਾਂ ਹੀ ਚੀਨ ਤੋਂ ਵਾਪਸ ਆਇਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਇਸ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਨੋਹਰ ਲਾਲ ਲੋਹੀਆ ਹਸਪਤਾਲ ਵਿੱਚ ਇਸ ਦੇ ਤਿੰਨ ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਡਾਕਟਰਾਂ ਦੀ ਟੀਮ ਨੇ ਸੈਂਪਲ ਨੂੰ ਜਾਂਚ ਲਈ ਭੇਜਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਤਿੰਨ ਦਿਨਾਂ ਬਾਅਦ ਰਿਪੋਰਟ ਆਉਣ ਤੋਂ ਬਾਅਦ ਹੀ ਵਾਇਰਸ ਦੀ ਪੁਸ਼ਟੀ ਹੋਵੇਗੀ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਦੇ ਉਜੈਨ 'ਚ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼
ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਇਹ ਮਰੀਜ਼ ਚੀਨ ਦੇ ਸੱਭ ਤੋਂ ਪ੍ਰਭਾਵਿਤ ਸ਼ਹਿਰ ਵੁਹਾਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਕੁੱਝ ਦਿਨਾਂ ਪਹਿਲਾਂ ਹੀ ਉਹ ਉਜੈਨ ਸਥਿਤ ਆਪਣੇ ਘਰ ਵਾਪਿਸ ਆਇਆ ਹੈ। ਫਿਲਹਾਲ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਰਾਜਸਥਾਨ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਵੀ ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇਹ ਵਿਦਿਆਪਥੀ ਵੀ ਚੀਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਹਾਲ ਹੀ ਵਿੱਚ ਉਥੋਂ ਵਾਪਿਸ ਆਇਆ ਸੀ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਰਾਜਸਥਾਨ ਵਿੱਚ 18 ਲੋਕਾਂ ਦੀ ਸੂਚੀ ਜਾਰੀ ਕੀਤੀ ਸੀ ਜੋ ਹਾਲ ਹੀ ਵਿਚ ਚੀਨ ਤੋਂ ਵਾਪਸ ਆਏ ਹਨ।
ਕੀ ਹੈ ਕੋਰੋਨਾ ਵਾਇਰਸ ਦੇ ਲੱਛਣ
ਕੋਰੋਨਾ ਵਾਇਰਸ ਹੋਰ ਵਾਇਰਸਾਂ ਨਾਲੋਂ ਵੱਖ ਹੈ ਜੋ ਕਿ ਸੱਭ ਤੋਂ ਪਹਿਲਾਂ ਚੀਨ ਵਿੱਚ ਪਾਇਆ ਗਿਆ ਹੈ। ਉਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਇਹ ਵਾਇਰਸ ਫੈਲ ਰਿਹਾ ਹੈ। ਡਾਕਟਰਾਂ ਦੀ ਮੰਨੀਏ ਤਾਂ ਬੁਖ਼ਾਰ, ਸਾਹ ਲੈਣ ਵਿੱਚ ਔਖ, ਸਰਦੀ, ਜ਼ੁਖਾਮ, ਖਾਂਸੀ, ਸਿਰ ਦਰਦ ਵਰਗੇ ਇਸ ਦੇ ਕਈ ਲੱਛਣ ਹਨ।