ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵਜੋਂ ਕਾਂਗਰਸ ਦੇ ਵਿਧਾਇਕ ਨਾਨਾ ਪਟੋਲੇ ਨੂੰ ਚੁਣਿਆ ਗਿਆ। ਇਸ ਤੋਂ ਪਹਿਲਾਂ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਕਿਸ਼ਨ ਕਠੋਰ ਨੇ ਐਤਵਾਰ ਨੂੰ ਸਪੀਕਰ ਦੇ ਅਹੁਦੇ 'ਤੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ, ਜਿਸ ਤੋਂ ਬਾਅਦ ਸਪੀਕਰ ਦੇ ਅਹੁਦੇ ਲਈ ਚੋਣ ਮੁਲਤਵੀ ਕਰ ਦਿੱਤੀ ਗਈ ਅਤੇ ਨਾਨਾ ਪਟੋਲੇ ਨੂੰ ਬਿਨ੍ਹਾਂ ਮੁਕਾਬਲਾ ਚੁਣੇ ਜਾਣ ਦਾ ਰਸਤਾ ਸਾਫ਼ ਕਰ ਦਿੱਤਾ ਗਿਆ। ਨਾਨਾ ਪਟੋਲੇ ਨੇ ਵਿਧਾਨ ਸਭਾ ਦੇ ਸਪੀਕਰ ਦਾ ਅਹੁਦਾ ਵੀ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਦੇਵੇਂਦਰ ਫੜਨਵੀਸ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਹੈ।
ਪ੍ਰੋਟੇਮ ਸਪੀਕਰ ਦਿਲੀਪ ਵਲਸੇ ਪਾਟਿਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਨਾਨਾ ਪਟੋਲੇ ਨੂੰ ਬਿਨ੍ਹਾਂ ਮੁਕਾਬਲੇ ਸਪੀਕਰ ਚੁਣਿਆ ਗਿਆ ਹੈ। ਪਾਟਿਲ ਨੇ ਕਿਹਾ ਕਿ ਪਟੋਲੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਹੁਦਾ ਸੰਭਾਲਣ। ਮੁੱਖ ਮੰਤਰੀ ਉਧਵ ਠਾਕਰੇ ਪਟੋਲੇ ਨੂੰ ਸਪੀਕਰ ਦੇ ਮੰਚ ‘ਤੇ ਲੈ ਗਏ। ਉਨ੍ਹਾਂ ਦੇ ਨਾਲ ਹੋਰ ਆਗੂ ਵੀ ਮੌਜੂਦ ਸਨ। ਬਾਅਦ ਵਿੱਚ ਜਦੋਂ ਬੈਠਕ ਦੀ ਸ਼ੁਰੂਆਤ ਹੋਈ ਤਾਂ ਉਧਵ ਠਾਕਰੇ ਨੇ ਕਿਹਾ, ਨਾਨਾ ਪਟੋਲੇ ਇੱਕ ਕਿਸਾਨ ਪਰਿਵਾਰ ਵਿਚੋਂ ਹਨ, ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰਨਗੇ।