ਇਟਾਨਗਰ: ਸਰਹੱਦੀ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੋਂ ਚੀਨੀ ਫ਼ੌਜ ਵੱਲੋਂ 5 ਭਾਰਤੀਆਂ ਦਾ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਬਾ ਕਾਂਗਰਸ ਦੇ ਵਿਧਾਇਕ ਨੀਨੋਂਗ ਏਰਿੰਗ ਨੇ ਇਹ ਦਾਅਵਾ ਕੀਤਾ ਹੈ।
ਅਰੁਣਾਚਲ ਪ੍ਰਦੇਸ਼ ਨਿਨੋਂਗ ਤੋਂ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰ ਤੋਂ ਪੰਜ ਭਾਰਤੀਆਂ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਹੈ।
ਏਰਿੰਗ ਨੇ ਦੱਸਿਆ ਕਿ ਰਾਜ ਦੇ ਸੁਬੰਸਰੀ ਜ਼ਿਲ੍ਹੇ ਦੇ ਪੰਜ ਲੋਕਾਂ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਪੰਜ ਲੋਕ ਟੈਗਿਨ ਕਮਿਊਨਿਟੀ ਨਾਲ ਸਬੰਧਤ ਹਨ। ਇਹ ਸਾਰੇ ਲੋਕ ਜੰਗਲ ਵਿੱਚ ਸ਼ਿਕਾਰ ਲਈ ਗਏ ਸਨ, ਤਦ ਹੀ ਉਨ੍ਹਾਂ ਨੂੰ ਚੀਨੀ ਫੌਜ ਨੇ ਅਗਵਾ ਕਰ ਲਿਆ ਸੀ। ਕਾਂਗਰਸ ਦੇ ਵਿਧਾਇਕ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਟਵੀਟ ਕਰਕੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।