ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ਉੱਤੇ ਹੈ। ਇਸੇ ਤਹਿਤ ਲਾਜਪਤ ਨਗਰ ਤੋਂ ਕਾਂਗਰਸ ਉਮੀਦਵਾਰ ਅਭਿਸ਼ੇਕ ਦੱਤ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਆਏ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਰੋਡ ਸ਼ੋਅ ਵਿੱਚ ਸ਼ਾਮਲ ਹੋਏ।
ਰੋਡ ਸ਼ੋਅ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇੱਥੋਂ ਦੀ ਭੀੜ ਦਾ ਜਜ਼ਬਾ ਦੇਖ ਕੇ ਕੇਜਰੀਵਾਲ ਅਤੇ ਮੋਦੀ ਦਾ ਕਿਲਾ ਢਹਿੰਦਾ ਨਜ਼ਰ ਆ ਰਿਹਾ ਹੈ।
ਦਿੱਲੀ ਵਿੱਚ ਸਸਤੀ ਬਿਜਲੀ ਨੂੰ ਲੈ ਕੇ ਕੀਤੇ ਸਵਾਲ ਦੇ ਜਵਾਬ ਵਿੱਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵੱਖਰੇ ਸੂਬੇ ਹਨ ਅਤੇ ਦੋਹਾਂ ਵਿੱਚ ਅਲੱਗ ਅਲੱਗ ਤਰਾਂ ਦੇ ਸਿਸਟਮ ਹਨ। ਕਿਸਾਨਾਂ ਨੂੰ ਮੁਫਤ ਦਿੱਤੀ ਜਾਣ ਵਾਲੀ ਬਿਜਲੀ ਦਾ ਖਰਚਾ ਸੌ ਕਰੋੜ ਹੈ। ਇਨ੍ਹਾਂ ਸਭ ਦਾ ਖਰਚਾ ਪੰਜਾਬ ਦੀ ਵਿੱਤੀ ਹਾਲਤ ਉੱਤੇ ਭਾਰ ਪਾਉਂਦਾ ਹੈ। ਦਿੱਲੀ ਦੇ ਨਾਲ ਇਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।
ਮਨਪ੍ਰੀਤ ਬਾਦਲ ਨੇ ਹਾਲ ਹੀ 'ਚ ਆਏ ਕੇਂਦਰੀ ਬਜਟ ਬਾਰੇ ਕਿਹਾ ਕਿ ਇਸ ਵਾਰ ਦੇ ਬਜਟ ਨੇ ਨਿਰਾਸ਼ ਕੀਤਾ ਹੈ। ਉਨ੍ਹਾਂ ਪੰਜਾਬ ਦੇ ਆਉਣ ਵਾਲੇ ਬਜਟ ਬਾਰੇ ਕਿਹਾ ਕੀ ਇਹ ਤਰੱਕੀ ਦੇ ਨਵੇਂ ਰਸਤੇ ਖੋਲ੍ਹੇਗਾ।
ਦੱਸ ਦਈਏ ਕਿ ਦਿੱਲੀ ਵਿੱਚ ਹੋ ਰਹੇ ਰੋਡ ਸ਼ੋਅ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮਿਲ ਹੋਣਾ ਸੀ ਪਰ ਖਰਾਬ ਤਬੀਅਤ ਕਰਕੇ ਆਖਰੀ ਮੌਕੇ ਉੱਤੇ ਉਹ ਨਹੀਂ ਆ ਸਕੇ। ਇਸ ਰੋਡ ਸ਼ੋਅ ਵਿੱਚ ਮਨਪ੍ਰੀਤ ਸਿੰਘ ਬਾਦਲ, ਰਾਣਾ ਸੋਢੀ, ਬਲਬੀਰ ਸਿੱਧੂ, ਭਾਰਤ ਭੂਸ਼ਣ ਆਸ਼ੂ, ਆਸ਼ਾ ਕੁਮਾਰੀ, ਰਾਜਾ ਵੜਿੰਗ ਅਤੇ ਹੋਰ ਕਈ ਵੱਡੇ ਚਿਹਰੇ ਸ਼ਾਮਿਲ ਹੋਏ।