ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਡੀਜ਼ਲ ਅਤੇ ਪੈਟਰੋਲ 'ਤੇ ਟੈਕਸ ਵਧਾਉਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਇਸ ਫ਼ੈਸਲੇ ਦੀ ਤੁਰੰਤ ਵਾਪਸੀ ਦੀ ਮੰਗ ਕਰਦਿਆਂ ਕਿਹਾ ਕਿ ਤੇਲ ਦੀਆਂ ਵੱਧ ਕੀਮਤਾਂ ਸਪਲਾਈ ਚੇਨ, ਖੇਤੀਬਾੜੀ ਖੇਤਰ ਅਤੇ ਕਿਸਾਨਾਂ 'ਤੇ ਮਾੜਾ ਪ੍ਰਭਾਵ ਪਾਉਣਗੀਆਂ।
ਕਾਂਗਰਸ ਦੇ ਬੁਲਾਰੇ ਅਜੇ ਮਾਕਨ ਨੇ ਕਿਹਾ, "ਕਾਂਗਰਸ ਪਾਰਟੀ ਪੈਟਰੋਲ ਤੇ ਡੀਜ਼ਲ ਉੱਤੇ ਵੈਟ ਵਿੱਚ ਕੀਤੇ ਗਏ ਵਾਧੇ ਦੀ ਨਿੰਦਾ ਕਰਦੀ ਹੈ, ਜੋ ਕਿ ਪੈਟਰੋਲ 'ਤੇ 27 ਪ੍ਰਤੀਸ਼ਤ ਤੋਂ 30 ਪ੍ਰਤੀਸ਼ਤ ਅਤੇ ਡੀਜ਼ਲ 'ਤੇ 16.5 ਪ੍ਰਤੀਸ਼ਤ ਹੈ। ਅਸੀਂ ਇਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ।"
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਪੈਟਰੋਲ ਉੱਤੇ ਵੈਟ 20% ਅਤੇ ਡੀਜ਼ਲ ਉੱਤੇ 12.5% ਸੀ। ਮਾਕਨ ਨੇ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ ਪਾਸ ਕੀਤੇ ਵੈਟ ਐਕਟ, 2004, ਮੁਤਾਬਕ ਪੈਟਰੋਲ ਅਤੇ ਡੀਜ਼ਲ ਲਈ 20 ਪ੍ਰਤੀਸ਼ਤ ਵੈਟ ਦਾ ਕੈਪ ਲਗਾਇਆ ਸੀ, ਪਰ 2015 ਵਿੱਚ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ 'ਆਪ' ਨੇ ਐਕਟ ਵਿੱਚ ਸੋਧ ਕਰਕੇ ਕੈਪ ਨੂੰ 30 ਫ਼ੀਸਦੀ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਨਕਦੀ ਅਤੇ ਟੈਕਸ ਵਿੱਚ ਕਟੌਤੀ ਦੇ ਰੂਪ ਵਿੱਚ ਰਾਹਤ ਦੀ ਮੰਗ ਕਰ ਰਹੇ ਨਾਗਰਿਕਾਂ ਨਾਲ ਇਸ ਤਰ੍ਹਾਂ ਕੀਤੇ ਜਾਣਾ ਸ਼ਰਮਨਾਕ ਹੈ। ਦੁਨੀਆ ਵਿੱਚ ਕਿਤੇ ਵੀ ਕੋਈ ਵੀ ਸਰਕਾਰ ਆਪਣੇ ਨਾਗਰਿਕਾਂ ਨੂੰ ਅਜਿਹੀਆਂ ਮੁਸੀਬਤਾਂ ਵਿੱਚ ਨਹੀਂ ਪਾਉਂਦੀ।