ਮੁਜੱਫਰਪੁਰ: ਕੋਰੋਨਾ ਵਾਇਰਸ ਦੀ ਦਵਾਈ 'ਕੋਰੋਨਿਲ' ਨੂੰ ਲੈ ਕੇ ਬਾਬਾ ਰਾਮਦੇਵ ਅਤੇ ਅਚਾਰਿਆ ਬਾਲ ਕ੍ਰਿਸ਼ਨ 'ਤੇ ਮੁ਼ਜ਼ੱਫਰਪੁਰ ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਪਟੀਸ਼ਨ ਸਮਾਜਿਕ ਕਾਰਕੁੰਨ ਤਮੰਨਾ ਹਾਸ਼ਮੀ ਨੇ ਦਰਜ ਕੀਤੀ ਹੈ, ਜਿਸ 'ਚ ਉਨ੍ਹਾਂ ਦੋਵਾਂ (ਬਾਬਾ ਰਾਮਦੇਵ ਅਤੇ ਅਚਾਰਿਆ ਬਾਲਾ ਕ੍ਰਿਸ਼ਨ) 'ਤੇ ਕੋਰੋਨਾ ਨੂੰ ਲੈ ਕੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।
ਪਟੀਸ਼ਨਕਰਤਾ ਤਮੰਨਾ ਹਾਸ਼ਮੀ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸੇ ਸਮੇਂ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਇਸ ਵਿੱਚ ਪਤੰਜਲੀ ਗਲਤ ਦਵਾਈ ਬਣਾ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਇਹ ਮਾਮਲਾ ਧਾਰਾ 420, 120 ਸਣੇ ਕਈ ਹੋਰ ਧਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਜਿਸ ਸਬੰਧੀ ਕੋਰਟ 30 ਜੂਨ ਨੂੰ ਸੁਣਵਾਈ ਕਰੇਗਾ।
ਦੱਸਣਯੋਗ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ 'ਤੇ ਜਿੱਥੇ ਬਿਹਾਰ 'ਚ ਮਾਮਲਾ ਦਰਜ ਹੋਇਆ ਹੈ ਉੱਥੇ ਹੀ ਜੈਪੁਰ 'ਚ ਵੀ ਬਾਬਾ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਹੈ। ਆਰਟੀਆਈ ਐਕਟਿਵਸਟ ਸੰਜੀਵ ਗੁਪਤਾ ਨੇ ਲੌਂਚਿੰਗ ਦੀ ਪ੍ਰਕੀਰਿਆ ਨੂੰ ਗਲਤ ਦੱਸਦਿਆਂ ਸ਼ਿਕਾਇਤ ਦਰਜ ਕੀਤੀ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਕੋਰੋਨਾ ਤੋਂ ਨਿਜਾਤ ਦਿਵਾਉਣ ਦਾ ਦਾਅਵਾ ਕਰਦਿਆਂ ਬਾਬਾ ਰਾਮ ਦੇਵ ਵੱਲੋਂ ਬਣਾਈ ਦਵਾਈ ਕੋਰੋਨਿਲ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਪੜਤਾਲ 'ਚ ਜੁੜੀ ਹੋਈ ਹੈ। ਦੱਸਣਯੋਗ ਹੈ ਕਿ ਜਿੱਥੇ ਪਹਿਲਾਂ ਆਯੂਸ਼ ਮੰਤਰਾਲੇ ਅਤੇ ਭਾਰਤ ਸਰਕਾਰ ਨੇ ਦਵਾਈ ਦੇ ਪ੍ਰਚਾਰ ਪ੍ਰਸਾਰ ਤੇ ਰੋਕ ਲਾਈ ਹੈ ਉੱਥੇ ਹੀ ਹੁਣ ICMR ਅਤੇ AYUSH ਨੇ ਇਸ ਸਬੰਧੀ ਕੋਈ ਜਾਣਕਾਰੀ ਨਾ ਹੋਣ ਦਾ ਦਾਅਵਾ ਕਰ ਪੱਲਾ ਝਾੜ ਲਿਆ ਹੈ।