ਭਿਲਵਾੜਾ (ਰਾਜਸਥਾਨ): ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੀ ਮਾਰੂਤੀ ਵੈਨ ਅਤੇ ਟ੍ਰੇਲਰ ਦਰਮਿਆਨ ਜ਼ਿਲ੍ਹੇ ਦੇ ਜਹਾਜ਼ਪੁਰ ਥਾਣਾ ਖੇਤਰ ਦੇ ਬਨਾਸ ਦਰਿਆ ਨੇੜੇ ਗਉਸ਼ਾਲਾ ਚੌਰਾਹੇ ਕੋਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਦਰਜਨਾਂ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਮਾਰੂਤੀ ਵੈਨ ਅਤੇ ਟ੍ਰੇਲਰ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਦੀ ਜਾਣਕਾਰੀ ਮਿਲਣ 'ਤੇ ਜਹਾਜ਼ਪੁਰ ਥਾਣਾ ਇੰਚਾਰਜ ਹਰੀਸ਼ ਸਾਂਖਲਾ ਨੇ ਮੌਕੇ 'ਤੇ ਪਹੁੰਚ ਕੀਤੀ, ਜਿਥੇ ਗੰਭੀਰ ਜ਼ਖਮੀਆਂ ਦੀ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਦੀ ਖ਼ਬਰ ਹੈ। ਲਾਸ਼ਾਂ ਨੂੰ ਕਮਿਉਨਿਟੀ ਹਸਪਤਾਲ ਦੀ ਮੋਰਚਰੀ 'ਚ ਰੱਖਿਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਵਿੱਚੋਂ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।
ਹਾਦਸੇ ਤੋਂ ਬਾਅਦ ਵੈਨ ਵਿੱਚ ਸਵਾਰ ਆਦਮੀ, ਔਰਤਾਂ ਅਤੇ ਬੱਚੇ ਨੂੰ ਬਾਹਰ ਕੱਢਿਆ ਗਿਆ। ਵੈਨ ਵਿੱਚ 10 ਤੋਂ ਵੱਧ ਲੋਕ ਸਨ, ਇਸ ਹਾਦਸੇ ਕਾਰਨ ਤਕਰੀਬਨ ਇੱਕ ਘੰਟਾ ਆਵਾਜਾਈ ਠੱਪ ਰਹੀ।