ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਨੂੰ 'ਗਰੰਟੀ ਕਾਰਡ' ਦੇ ਨਾਂਅ ਨਾਲ ਜਾਰੀ ਕਰ ਦਿੱਤਾ ਹੈ। ਇਸ ਮੈਨੀਫੈਸਟੋ ਨੂੰ ਜਾਰੀ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਦਿੱਲੀ ਵਾਲਿਆਂ ਨੂੰ ਮਿਲ ਰਹੀਆਂ ਮੁਫ਼ਤ ਸਹੂਲਤਾਂ ਅਗਲੇ ਪੰਜ ਸਾਲਾਂ ਲਈ ਜਾਰੀ ਰਹਿਣਗੀਆਂ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਦੁਬਾਰਾ ‘ਆਪ’ ਦੀ ਸਰਕਾਰ ਬਣੀ ਤਾਂ ਉਹ ਜਨਤਾ ਦੇ ਇਨ੍ਹਾਂ ਵਾਅਦਿਆਂ ਨੂੰ ਜ਼ਰੂਰ ਪੂਰਾ ਕਰਨਗੇ।
ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ
- ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਨਾਲ ਵਾਅਦਾ ਕਰ ਰਿਹਾ ਹਾਂ ਕਿ ਸਾਡੀ ਸਰਕਾਰ ਦੀ ਕੋਈ ਵੀ ਯੋਜਨਾ ਬੰਦ ਨਹੀਂ ਹੋਵੇਗੀ।
- ਦਿੱਲੀ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲੇਗੀ ਅਤੇ 200 ਯੂਨਿਟ ਬਿਜਲੀ ਫ੍ਰੀ ਮਿਲੇਗੀ।
- ਦਿੱਲੀ ਵਿੱਚ ਹਰ ਘਰ 24 ਘੰਟੇ ਪੀਣ ਲਈ ਪਾਣੀ ਫ੍ਰੀ, ਹਰ ਮਹੀਨੇ 20000 ਲੀਟਰ ਪਾਣੀ ਫ੍ਰੀ ਪਹਿਲਾ ਤੋਂ ਦਿੱਤਾ ਜਾ ਰਿਹਾ ਹੈ।
- ਦਿੱਲੀ ਵਿਚ ਹਰ ਬੱਚੇ ਲਈ ਵਿਸ਼ਵ ਪੱਧਰੀ ਸਿੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਕਦਮ ਚੁੱਕ ਰਹੀ ਹੈ।
- ਦਿੱਲੀ ਦੇ ਹਰ ਪਰਿਵਾਰ ਨੂੰ ਆਧੁਨਿਕ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਰਾਹੀਂ ਇਲਾਜ਼ ਦੀਆਂ ਸਹੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਨਿਰੰਤਰ ਸੁਧਾਰਿਆ ਜਾਏ, ਇਸ ਲਈ ਸਾਰੇ ਯਤਨ ਜਾਰੀ ਹਨ।
- ਆਉਣ ਵਾਲੇ ਪੰਜ ਸਾਲਾਂ ਵਿੱਚ 11000 ਤੋਂ ਜ਼ਿਆਦਾ ਬੱਸਾਂ ਦਿੱਲੀ ਦੀਆਂ ਸੜਕਾਂ 'ਤੇ ਚੱਲਣਗੀਆਂ।
- 500 ਕਿਲੋਮੀਟਰ ਤੋਂ ਵੱਧ ਲੰਬੀ ਮੈਟਰੋ ਲਾਈਨ ਵੀ ਚੱਲਾਈ ਜਾਵੇਗੀ। ਔਰਤਾਂ ਦੇ ਨਾਲ ਵਿਦਿਆਰਥੀਆਂ ਨੂੰ ਮੁਫਤ ਬੱਸ ਯਾਤਰਾ ਦੀ ਸਹੂਲਤ ਵੀ ਮਿਲੇਗੀ।
- ਹਵਾ ਪ੍ਰਦੂਸ਼ਣ ਨੂੰ 3 ਗੁਣਾ ਘਟਾਉਣ ਦਾ ਟੀਚਾ ਮਿਥਿਆ ਗਿਆ ਹੈ। ਦੋ ਕਰੋੜ ਤੋਂ ਵੱਧ ਰੁੱਖ ਲਗਾਏ ਜਾਣਗੇ। ਯਮੁਨਾ ਸਾਫ ਅਤੇ ਨਿਰੰਤਰ ਰਹੇਗੀ।
- ਸੀਸੀਟੀਵੀ ਕੈਮਰਾ ਜੇਟਲਾਈਟ ਅਤੇ ਬੱਸ ਮਾਰਸ਼ਲ ਦੇ ਨਾਲ ਮੁਹੱਲਾ ਮਾਰਸ਼ਲ ਵੀ ਤਾਇਨਾਤ ਕੀਤੇ ਜਾਣਗੇ। ਸਾਰੀਆਂ ਕੱਚੀਆਂ ਕਲੋਨੀਆਂ ਵਿੱਚ ਪੀਣ ਵਾਲਾ ਪਾਣੀ, ਸੀਵਰੇਜ, ਮੁਹੱਲਾ ਕਲੀਨਿਕ ਅਤੇ ਸੀਸੀਟੀਵੀ ਮੁਹੱਈਆ ਕਰਵਾਏ ਜਾਣਗੇ।
- ਦਿੱਲੀ ਵਿੱਚ ਝੁੱਗੀ ਝੌਂਪੜੀ ਵਾਲਿਆਂ ਨੂੰ ਜ਼ਿੰਦਗੀ ਜਿਉਣ ਲਈ ਸਥਾਈ ਮਕਾਨ ਦਿੱਤੇ ਜਾਣਗੇ।