ਅਮੇਠੀ: ਬੀਤੀ ਦੇਰ ਰਾਤ ਅਮੇਠੀ ਦੇ ਪਿੰਡ ਬਰੌਲਿਆ ਵਿੱਚ ਸਾਬਕਾ ਪ੍ਰਧਾਨ(ਸਰਪੰਚ) ਸੁਰੇਂਦਰ ਸਿੰਘ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਰਿੰਦਰ ਸਿੰਘ ਨੂੰ ਇਲਾਜ਼ ਲਈ ਨਜਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਨੂੰ ਲਖਨਊ ਟ੍ਰਾਮਾ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਅਤੇ ਰਾਸਤੇ 'ਚ ਹੀ ਸੁਰਿੰਦਰ ਨੇ ਦਮ ਤੋੜ ਦਿੱਤਾ। ਸੁਰਿੰਦਰ ਸਿੰਘ ਅਮੇਠੀ ਤੋਂ ਹਾਲ ਹੀ 'ਚ ਲੋਕ ਸਭਾ ਚੋਣ ਜਿੱਤਣ ਵਾਲੀ ਸਮ੍ਰਿਤੀ ਇਰਾਨੀ ਦੇ ਕਰੀਬੀ ਮੰਨੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਰੌਲਿਆ ਪਿੰਡ ਨੂੰ ਮਨੋਹਰ ਪਰਿਕਰ ਨੇ ਗੋਦ ਲਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰਾਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦ ਸੁਰਿੰਦਰ ਸਿੰਘ ਆਪਣੇ ਘਰ ਦੇ ਬਾਹਰ ਵਿਹੜੇ ਵਿੱਚ ਸੁੱਤਾ ਪਿਆ ਸੀ। ਘਟਨਾ ਦੀ ਖ਼ਬਰ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਹੈ। ਪ੍ਰਸ਼ਾਸਨ ਵੱਲੋਂ ਤਣਾਅਪੂਰਨ ਮਹੌਲ ਨੂੰ ਵੇਖਦੇ ਹੋਏ ਪਿੰਡ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸੁਰਿੰਦਰ ਸਿੰਘ ਨੇ ਅਮੇਠੀ 'ਚ ਭਾਜਪਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਦਾ ਨੇੜਲੇ ਕਈ ਪਿੰਡਾ ਵਿੱਚ ਚੰਗਾ ਰਸੂਖ਼ ਸੀ।