ਨਵੀਂ ਦਿੱਲੀ: ਖੇਤੀ ਬਿੱਲਾਂ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕਾਂ ਤੱਕ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ। ਦੋਹਾਂ ਸਦਨਾਂ 'ਚ ਬਿੱਲ ਪਾਸ ਹੋਣ ਤੋਂ ਬਾਅਦ ਹੁਣ ਇਸ 'ਤੇ ਹੁਣ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮੋਹਰ ਲੱਗਣੀ ਬਾਕੀ ਹੈ। ਇਸ ਦੇ ਵਿਰੋਧ 'ਚ ਪੰਜਾਬ ਦੇ 4 ਕਾਂਗਰਸੀ ਲੋਕ ਸਭਾ ਮੈਂਬਰ ਰਾਸ਼ਟਪਤੀ ਭਵਨ ਤੱਕ ਮੋਮਬੱਤੀ ਮਾਰਚ ਕਰਨ ਲਈ ਜਾ ਰਹੇ ਸੀ। ਇਸੇ ਦੌਰਾਨ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁਲਿਸ ਨਾਲ ਇਨ੍ਹਾਂ ਮੈਂਬਰਾਂ ਦੀ ਧੱਕਾ ਮੁੱਕੀ ਹੋਈ।
ਇਨ੍ਹਾਂ ਮੈਂਬਰਾਂ ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ, ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਗਿੱਲ ਡਿੰਪਾ ਸ਼ਾਮਲ ਸਨ।
ਜਦੋਂ ਇਹ ਚਾਰੇ ਲੋਕ ਸਭਾ ਮੈਂਬਰ ਰਾਸ਼ਟਰਪਤੀ ਭਵਨ ਵੱਲ ਮੋਮਬੱਤੀਆਂ ਲੈ ਕੇ ਵਧ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਚਾਰੇ ਲੋਕ ਸਭਾ ਮੈਂਬਰਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਇੱਕ ਸਿਪਾਹੀ ਨੇ ਰਵਨੀਤ ਬਿੱਟੂ ਦਾ ਗਲੇ ਨੂੰ ਹੱਥ ਪਾਇਆ।

ਰਵਨੀਤ ਬਿੱਟੂ ਵੱਲੋਂ ਪੁਲਿਸ ਕਰਮੀਆ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਸਿਪਾਹੀ ਨੇ ਉਨ੍ਹਾਂ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਰਵਨੀਤ ਬਿੱਟੂ ਨੇ ਕਿਹਾ ਉਹ ਗ੍ਰਹਿ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਇਸੇ ਨਾਲ ਹੀ ਲੋਕ ਸਭਾ ਸਪੀਰਕ ਦੇ ਸਾਹਮਣੇ ਵੀ ਪ੍ਰਦਰਸ਼ਨ ਕਰਨਗੇ। ਉਨ੍ਹਾਂ ਜਿਨ੍ਹਾਂ ਸਮਾਂ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਸ ਸਮੇਂ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।