ਮੁੰਬਈ: ਗੋਰੇਗਾਓਂ ਇਲਾਕੇ 'ਚ ਬੁੱਧਵਾਰ ਦੇਰ ਰਾਤ ਇੱਕ 2 ਸਾਲਾ ਬੱਚਾ ਖੁੱਲ੍ਹੇ ਨਾਲ਼ੇ 'ਚ ਡਿੱਗ ਗਿਆ। ਬੱਚੇ ਨੂੰ ਨਾਲ਼ੇ 'ਚ ਡਿੱਗਿਆਂ ਕਈ ਘੰਟੇ ਹੋ ਗਏ ਹਨ। ਭਾਲ ਮੁਹਿੰਮ ਜਾਰੀ ਹੈ ਪਰ ਅਜੇ ਤੱਕ ਬੱਚਾ ਨਹੀਂ ਮਿਲਿਆ ਹੈ।
ਬੱਚੇ ਦੀ ਪਛਾਣ ਦਿਵਿਆਂਸ਼ੂ ਵਜੋਂ ਹੋਈ ਹੈ ਜਿਸ ਦੀ ਉਮਰ 2 ਸਾਲ ਦੱਸੀ ਜਾ ਰਹੀ ਹੈ। ਬੱਚੇ ਦੇ ਨਾਲ਼ੇ 'ਚ ਡਿੱਗਣ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।
ਬੱਚੇ ਦੇ ਨਾਲ਼ੇ 'ਚ ਡਿੱਗਣ ਤੋਂ ਕੁੱਝ ਹੀ ਦੇਰ ਬਾਅਦ ਉਸ ਦੀ ਮਾਂ ਉਸ ਨੂੰ ਲੱਭਣ ਆਈ ਪਰ ਉਸ ਨੂੰ ਪਤਾ ਨਹੀਂ ਲੱਗਿਆ ਕਿ ਬੱਚਾ ਕਿੱਧਰ ਗਿਆ, ਜਦੋਂ ਨੇੜੇ ਹੀ ਮਸਜਿਦ 'ਚ ਲੱਗੇ ਸੀਸੀਟੀਵੀ ਨੂੰ ਖੰਘਾਲਿਆ ਗਿਆ ਤਾਂ ਉਸ ਵਿੱਚ ਪਤਾ ਲੱਗਾ ਕਿ ਬੱਚਾ ਖੁਲ੍ਹੇ ਪਏ ਨਾਲ਼ੇ 'ਚ ਡਿੱਗ ਗਿਆ ਹੈ।
ਇਸ ਘਟਨਾ ਦੀ ਸੂਚਨਾ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਰਾਤ ਭਰ ਸਾਰਾ ਨਾਲ਼ਾ ਖੋਲ੍ਹ ਕੇ ਬੱਚੇ ਦੀ ਭਾਲ ਕੀਤੀ ਗਈ ਪਰ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚਾ ਕਿੱਧਰ ਗਿਆ। ਇਸ ਘਟਨਾ ਲਈ ਮੁੰਬਈ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।